ਭਿੱਖੀਵਿੰਡ: ਕਰੀਬ 20 ਦਿਨ ਪਹਿਲਾਂ ਥਾਣਾ ਖਾਲੜਾ ਦੇ ਅਧੀਨ ਆਉਂਦੇ ਪਿੰਡ ਡੱਲ ਵਿੱਚ ਭਤੀਜੇ ਵਲੋਂ ਜ਼ਮੀਨੀ ਵਿਵਾਦ ਕਾਰਨ ਆਪਣੇ ਹੀ ਚਾਚੇ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਅਤੇ ਉਸ ਦੇ ਲੜਕੇ ਨੂੰ ਗੋਲੀ ਮਾਰ ਕੇ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਥਾਣਾ ਖਾਲੜਾ ਦੀ ਪੁਲਿਸ ਨੇ 3 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ, ਪਰ ਪੁਲਿਸ ਵੱਲੋਂ ਉਕਤ ਮੁਲਜ਼ਮਾਂ ਨੂੰ ਕਾਬੂ ਨਾ ਕੀਤੇ ਜਾਣ ਪੀੜਿਤ ਪਰਿਵਾਰ ਵਿੱਚ ਪੁਲਿਸ ਖਿਲਾਫ ਰੋਸ ਪਾਇਆ ਜਾ ਰਿਹਾ ਹੈ।
ਜ਼ਮੀਨੀ ਪੈਸਿਆਂ ਦੇ ਲੈਣ ਦੇਣ ਦੇ ਚੱਲਦੇ ਕਤਲ:ਇਸ ਬਾਰੇ ਅੱਜ ਪੀੜਿਤ ਪਰਿਵਾਰ ਨੇ ਕਿਹਾ ਕਿ 1 ਨਵੰਬਰ ਨੂੰ ਦਿਨ ਦਿਹਾੜੇ ਜ਼ਮੀਨੀ ਪੈਸਿਆਂ ਦੇ ਲੈਣ ਦੇਣ ਚੱਲਦੇ ਮਾਮੂਲੀ ਝਗੜੇ ਦੌਰਾਨ ਉਨ੍ਹਾਂ ਦੇ ਤਾਏ ਪ੍ਰਗਟ ਸਿੰਘ ਦੇ ਉਕਸਾਉਣ 'ਤੇ ਨਛੱਤਰ ਸਿੰਘ ਆਪਣੇ ਭਰਾ ਸਿਕੰਦਰ ਸਿੰਘ ਨਾਲ ਮਿਲਕੇ ਉਨ੍ਹਾਂ ਉੱਤੇ ਹਮਲਾ ਕੀਤਾ ਅਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਪਿਤਾ ਜਸਬੀਰ ਸਿੰਘ ਨੂੰ 3 ਗੋਲੀਆਂ ਲੱਗੀਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ 1 ਗੋਲੀ ਦਲੇਰ ਸਿੰਘ ਨੂੰ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਦਾ ਇਲਾਜ ਅਜੇ ਵੀ ਚੱਲ ਰਿਹਾ ਹੈ।
ਪੁਲਿਸ ਅੱਗੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ:ਪੀੜਤ ਪਰਿਵਾਰ ਨੇ ਕਿਹਾ ਕਿ ਉਕਤ ਮੁਲਜ਼ਮਾਂ ਵਿਚੋਂ ਨਛੱਤਰ ਸਿੰਘ ਖੁਦ ਪੁਲਿਸ ਕੋਲ ਪੇਸ਼ ਹੋ ਗਿਆ ਸੀ, ਜਦਕਿ ਸਿਕੰਦਰ ਸਿੰਘ ਤੇ ਪ੍ਰਗਟ ਸਿੰਘ ਫ਼ਰਾਰ ਸਨ ਅਤੇ ਹੁਣ ਉਕਤ ਮੁਲਜ਼ਮ ਸ਼ਰੇਆਮ ਪਿੰਡ ਵਿੱਚ ਘੁੰਮ ਰਹੇ ਹਨ। ਇੰਨਾਂ ਹੀ ਨਹੀਂ, ਮੁੜ ਉਨ੍ਹਾਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਕੋਲੋ ਖ਼ਤਰਾ ਹੈ। ਉਨ੍ਹਾਂ ਪੁਲਿਸ ਕੋਲੋ ਇਨਸਾਫ ਦੀ ਮੰਗ ਕਰਦੇ ਉਕਤ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ।