ਤਰਨ ਤਾਰਨ: ਬਿਆਸ ਦਰਿਆ ਦੇ ਕੰਢੇ 'ਤੇ ਸਥਿਤ ਪਿੰਡ ਘੜਕਾਂ ਦੇ ਬੀਆਬਾਨ ਸ਼ਮਸ਼ਾਨ ਘਾਟ ਵਿਖੇ ਜਿਥੇ ਦਿਨੇ ਹੀ ਅੰਧ-ਵਿਸ਼ਵਾਸਾਂ ਕਰਕੇ ਪਿੰਡ ਦੇ ਵਸਨੀਕ ਡਰ ਦੇ ਮਾਰੇ ਜਾਣ ਤੋਂ ਕੰਨੀ ਕਤਰਾਉਂਦੇ ਹਨ। ਉਥੇ ਹੀ ਪਿੰਡ ਦੀ ਅੱਤ ਗਰੀਬ ਤੇ ਲੋੜਵੰਦ ਔਰਤ ਸੁਮਨਪ੍ਰੀਤ ਕੌਰ ਆਪਣੇ ਚਾਰ ਫੁੱਲਾਂ ਵਰਗੇ ਬੱਚਿਆਂ ਨਾਲ ਬਿਨਾਂ ਬਿਜਲੀ,ਕਮਰਾ,ਪਾਣੀ ਤੇ ਦੋ ਵੇਲੇ ਦੀ ਰੋਟੀ ਤੋਂ ਆਤਰ ਬੜੀ ਮੁਸ਼ਕਿਲ ਨਾਲ ਦਿਨ ਕੱਟ ਰਹੀ ਹੈ।
ਜਦੋਂ ਇੱਕੀਵੀਂ ਸਦੀ ਵਿਚ ਇਸ ਹਾਲਤ ਵਿੱਚ ਰਹਿ ਰਹੀ ਔਰਤ ਅਤੇ ਉਸ ਦੇ ਮਾਸੂਮ ਬੱਚਿਆਂ ਬਾਰੇ ਪੱਤਰਕਾਰਾਂ ਨੂੰ ਪਿੰਡ ਦੇ ਲੋਕਾਂ ਤੋਂ ਪਤਾ ਲੱਗਾ ਤਾਂ ਪੱਤਰਕਾਰਾਂ ਦੀ ਟੀਮ ਮੌਕਾ ਵੇਖਣ ਪੁੱਜੀ। ਇਸ ਮੌਕੇ ਬਦਨਸੀਬ ਔਰਤ ਨੇ ਰੋਂਦਿਆਂ ਕੁਰਲਾਉਂਦਿਆਂ ਬੜੇ ਭਰੇ ਹੋਏ ਮਨ ਨਾਲ ਦੱਸਿਆ ਕਿ ਉਸਦਾ ਪਤੀ ਮਨਦੀਪ ਸਿੰਘ ਜੋ ਕਿ ਨਸ਼ਿਆਂ ਦਾ ਆਦੀ ਹੈ। ਰੋਜ਼ਾਨਾ ਹੀ ਉਸ ਦਾ ਪਤੀ ਉਸ ਦੀ ਤੇ ਉਸਦੇ ਬੱਚਿਆਂ ਦੀ ਨਸ਼ਿਆਂ ਦੀ ਪੂਰਤੀ ਲਈ ਕੁੱਟਮਾਰ ਕਰਦਾ ਹੈ। ਇਸੇ ਕਰਕੇ ਸਾਡੇ ਕੋਲੋਂ ਅਜੇ ਤੱਕ ਘਰ ਦਾ ਮਕਾਨ ਨਹੀਂ ਬਣ ਸਕਿਆ।
ਉਕਤ ਪੀੜਤ ਮਹਿਲਾ ਨੇ ਦੱਸਿਆ ਕਿ ਬੇਘਰ ਹੋਣ ਕਰਕੇ ਮੈਂ ਅਤੇ ਮੇਰੇ ਮਾਸੂਮ ਬੱਚੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਾਂ। ਮੇਰੀਆਂ ਦੋ ਧੀਆਂ ਤੇ ਦੋ ਪੁੱਤਰ ਸਕੂਲ 'ਚ ਪੜ੍ਹਨਾ ਚਾਹੁੰਦੇ ਹਨ ਪਰ ਮੈ ਅਤਿ ਗਰੀਬ ਹੋਣ ਕਰਕੇ ਉਨ੍ਹਾਂ ਦੇ ਅਧਾਰ ਕਾਰਡ ਵੀ ਨਹੀਂ ਬਣਾ ਸਕੀ। ਜਿਸ ਕਰਕੇ ਕੋਈ ਵੀ ਸਕੂਲ ਮੇਰੇ ਬੱਚਿਆਂ ਨੂੰ ਸਕੂਲ 'ਚ ਦਾਖ਼ਲ ਕਰਕੇ ਨਹੀਂ ਪੜਾ ਰਿਹਾ।