ਤਰਨਤਾਰਨ:ਤਰਨਤਾਰਨ ਅਧੀਨ ਪੈਂਦੇ ਪਿੰਡ ਜਵੰਦਾ ਕਲਾਂ (Village Jawanda Kalan) ਦੇ ਗ਼ਰੀਬ ਪਰਿਵਾਰ ਦੀ ਹਾਲਤ ਕਾਫੀ ਤਰਸਯੋਗ ਹੈ। ਪਰਿਵਾਰ ਦੀ ਦੋ ਵਕਤ ਦੀ ਰੋਟੀ ਤੋਂ ਵੀ ਆਤਰ ਹੋ ਗਿਆ ਹੈ। ਇਹ ਪਰਿਵਾਰ ਹੁਣ ਲੋਕਾਂ ਦੇ ਘਰਾਂ ਵਿੱਚ ਦੋ ਵਕਤ ਦੀ ਰੋਟੀ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਪੀੜਤ ਪਰਿਵਾਰ ਦੀ ਮੁਖੀਆ ਵਿਧਵਾ ਔਰਤ ਕੁਲਵਿੰਦਰ ਕੌਰ ਨੇ ਆਪਣੀ ਹੱਡ ਬੀਤੀ ਰੋਂਦੇ ਹੋਏ ਦੱਸੀ
ਉਨ੍ਹਾਂ ਦੱਸਦਿਆਂ ਕਿਹਾ ਕਿ ਉਸ ਦਾ ਪਤੀ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਮਿਹਨਤ ਮਜ਼ਦੂਰੀ ਕਰਦੇ ਹੋਏ ਉਸ ਦੀ ਰੀੜ੍ਹ ਦੀ ਹੱਡੀ ਤੇ ਸੱਟ ਲੱਗ ਗਈ ਅਤੇ ਉਹ ਮੰਜੇ ਤੇ ਪੈ ਗਿਆ। ਘਰ ਵਿੱਚ ਗ਼ਰੀਬੀ ਹੋਣ ਕਾਰਨ ਉਸ ਦਾ ਇਲਾਜ ਨਹੀਂ ਹੋ ਸਕਿਆ। ਜਿਸ ਕਰਕੇ ਉਸ ਦੀ ਇਲਾਜ ਦੁੱਖੋਂ ਕੇ ਮੌਤ ਹੋ ਗਈ। ਪੀੜਤ ਔਰਤ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ ਜਵਾਨ ਚਾਰ ਧੀਆਂ ਹਨ। ਇਨ੍ਹਾਂ ਜਵਾਨ ਧੀਆਂ ਦਾ ਢਿੱਡ ਭਰਨ ਲਈ ਉਹ ਲੋਕਾਂ ਦੇ ਘਰਾਂ ਵਿਚ ਸਾਫ ਸਫਾਈ ਦਾ ਕੰਮ ਕਰ ਕੇ ਕੁਝ ਪੈਸੇ ਇਕੱਠੇ ਕਰ ਕੇ ਘਰ ਵਿੱਚ ਰੋਟੀ ਪਕਾਉਣ ਲਈ ਆਟਾ ਲੈ ਆਉਂਦੀ ਹੈ।
ਜਦੋਂ ਉਹ ਆਟਾ ਖ਼ਤਮ ਹੋ ਜਾਂਦਾ ਹੈ ਤਾਂ ਉਹ ਫਿਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਜਾਂਦੀ ਹੈ। ਪੀੜਤ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਘਰ ਦਾ ਤਖ਼ਤਾ ਹੀ ਪਲਟ ਗਿਆ ਅਤੇ ਉਸ ਦਾ ਸਾਰਾ ਪਰਿਵਾਰ ਹੁਣ ਦੋ ਵਕਤ ਦੀ ਰੋਟੀ ਲਈ ਹੀ ਤੜਫ ਰਿਹਾ ਹੈ।