ਤਰਨ ਤਾਰਨ: ਨੇੜਲੇ ਪਿੰਡ ਭੁੱਜੜਾਂ ਵਾਲਾ ਵਿਖੇ ਇੱਕ ਕਬੱਡੀ ਖਿਡਾਰੀ 'ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਨੈਸ਼ਨਲ ਕਬੱਡੀ ਖਿਡਾਰੀ ਬਲਬੀਰ ਸਿੰਘ ਬੱਲਾ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਜਨਮ ਦਿਨ ਸੀ ਅਤੇ ਉਹ ਆਪਣੇ ਪਰਿਵਾਰ ਵਾਲਿਆਂ ਨਾਲ ਜਨਮਦਿਨ ਮਨਾ ਕੇ ਸੌਣ ਦੀ ਤਿਆਰੀ ਕਰ ਰਿਹਾ ਸੀ ਤਾਂ ਅਚਾਨਕ ਕਿਸੇ ਨੇ ਉਸ ਦੇ ਘਰ ਬਾਹਰ ਫ਼ਾਇਰਿੰਗ ਕਰ ਦਿੱਤੀ।
ਜਾਨੋਂ ਮਾਰਨ ਦੇ ਇਰਾਦੇ ਨਾਲ ਨੈਸ਼ਨਲ ਕਬੱਡੀ ਖਿਡਾਰੀ 'ਤੇ ਹਮਲਾ ਬਲਬੀਰ ਨੇ ਦੱਸਿਆ ਕਿ ਚਲਾਈਆਂ ਗਈਆਂ ਗੋਲੀਆਂ ਵਿੱਚੋਂ 2 ਉਸ ਦੀ ਕਿਚਨ ਦੀ ਬਾਰੀ ਵਿੱਚ ਵੱਜੀਆਂ, 1 ਦਰਵਾਜ਼ੇ 'ਚ ਅਤੇ ਇੱਕ ਗੋਲੀ ਉਸ ਦੇ ਬੈੱਡਰੂਮ ਤੱਕ ਵੀ ਪਹੁੰਚ ਗਈ।
ਉਸ ਨੇ ਦੱਸਿਆ ਕਿ ਤੁਰੰਤ ਉਸ ਨੇ 100 ਨੰਬਰ 'ਤੇ ਫ਼ੋਨ ਕੀਤਾ ਅਤੇ ਪੁਲਿਸ ਨੂੰ ਸੱਦਿਆ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਦੇਖਿਆ ਕਿ ਉਸ ਦੇ ਘਰ ਦੇ ਬਾਹਰ ਗੋਲੀਆਂ ਦੇ ਖੋਲ ਪਏ ਹਨ।
ਬਲਬੀਰ ਨੇ ਦੱਸਿਆ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਕੁੱਝ ਦਿਨ ਪਹਿਲਾਂ ਵੀ ਮੇਰੇ 'ਤੇ ਹਮਲਾ ਕੀਤਾ ਸੀ। ਉਸ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਸਬੰਧੀ ਸਖ਼ਤੀ ਨਾਲ ਕਾਰਵਾਈ ਕਰੇ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਏ.ਐੱਸ.ਆਈ ਗੁਰਮੀਤ ਸਿੰਘ ਮੱਲਮੋਹਰੀ ਨੇ ਦੱਸਿਆ ਕਿ ਅਸੀਂ ਸੀਸੀਟੀਵੀ ਫੁਟੇਜ ਲੈ ਲਈ ਹੈ ਅਤੇ ਉਸ ਦੇ ਆਧਾਰ 'ਤੇ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।