ਤਰਨਤਾਰਨ: ਪਿਛਲੇ ਦਿਨੀਂ ਕਰਫ਼ਿਊ ਦੌਰਾਨ ਕਿਸਾਨਾਂ ਦੀ ਮੰਗ ਅਨੁਸਾਰ ਜ਼ਿਲ੍ਹੇ ਦੇ 425 ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਤਰਨ ਤਾਰਨ ਵੱਲੋਂ ਘਰ-ਘਰ ਜਾ ਕੇ 367 ਲੀਟਰ ਕੀਟਨਾਸ਼ਕ, 81 ਕਿੱਲੋ ਉੱਲੀਨਾਸ਼ਕ, 112 ਲੀਟਰ ਨਦੀਨ ਨਾਸ਼ਕ, 8227 ਕਿੱਲੋ ਖਾਦ, 725 ਕਿੱਲੋ ਬੀਜ ਮੁਹੱਈਆ ਕਰਵਾਏ ਗਏ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਆਉਣ ਵਾਲੇ ਸੀਜ਼ਨ ਦੀ ਤਿਆਰੀ ਲਈ ਬੀਜਾਂ, ਖਾਦਾਂ ਅਤੇ ਐਗਰੋਕੈਮੀਕਲਸ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਿ ਜ਼ਿਲ੍ਹੇ ਦੇ ਕਿਸਾਨਾਂ ਦੀ ਸਹਾਇਤਾ ਲਈ ਮੁੱਖ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ਕਿਸਾਨ ਕਾਲ ਸੈਂਟਰ ਸਥਾਪਿਤ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨ ਖੇਤੀ ਸੰਬੰਧੀ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਜਾਂ ਜ਼ਰੂਰਤ ਸੰਬੰਧੀ ਆਪਣੇ ਬਲਾਕ ਦੇ ਖੇਤੀਬਾੜੀ ਅਧਿਕਾਰੀਆਂ ਜਾਂ ਕਰਮਚਾਰੀਆਂ ਨਾਲ ਸੰਪਰਕ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਕੁਲਜੀਤ ਸਿੰਘ ਸੈਣੀ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋਣ ਵਾਲੀ ਹੈ ਤੇ ਕਿਸਾਨ ਨਿਰੰਤਰ ਆਪਣੀਆਂ ਫ਼ਸਲ ਦਾ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਕਣਕ ਦੀ ਫ਼ਸਲ ਉੁੱਪਰ ਤੇਲੇ/ਚੇਪੇ ਦਾ ਹਮਲਾ (5 ਤੇਲੇ ਪ੍ਰਤੀ ਸਿੱਟਾ,ਕੋਈ 10 ਬੂਟਿਆਂ ਦੇ ਨਿਰੀਖਣ ਤੋਂ ਬਾਅਦ) ਨਜ਼ਰ ਆਉਂਦਾ ਹੈ ਤਾਂ ਹੀ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜੇ ਪੀਲੀ ਕੂੰਗੀ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ ਹੀ ਉੱਲੀਨਾਸ਼ਕ ਦੀ ਸਪਰੇਅ ਕੀਤੀ ਜਾਵੇ। ਉਹਨਾਂ ਨੇ ਦੱਸਿਆ ਕਿ ਖੇਤ ਵਿੱਚ ਲਾਲ ਭੂੰਡੀ ਮਿੱਤਰ ਕੀੜੇ ਦਾ ਕੰਮ ਕਰਦੀ ਹੈ ਜੋ ਤੇਲੇ ਨੂੰ ਖਾਂਦੀ ਹੈ, ਜੇਕਰ ਲਾਲ ਭੂੰਡੀ ਨਜ਼ਰ ਆਉਂਦੀ ਹੈ ਤਾਂ ਕਿਸੇ ਵੀ ਕੀਟਨਾਸ਼ਕ ਦੀ ਸਪਰੇਅ ਨਾ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਜਿੱਥੇ ਕਿਤੇ ਵੀ ਖੇਤ ਵਿੱਚ ਟਰਾਂਸਫ਼ਾਰਮਰ ਹੈ, ਉਸ ਖੇਤ ਵਿੱਚ ਟਰਾਂਸਫ਼ਾਰਮਰ ਦੇ ਨੇੜਿਓਂ ਕਣਕ ਨੂੰ ਵੱਢ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਅਣ-ਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਦੇ ਖੇਤ ਉੁੱਪਰ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ ਤੇ ਉਹਨਾਂ ਤਾਰਾਂ ਦੀ ਸਥਿਤੀ ਠੀਕ ਨਹੀਂ ਹੈ ਤਾਂ ਸਮਾਂ ਰਹਿੰਦਿਆਂ ਆਪਣੇ ਇਲਾਕੇ ਦੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਭਵਿੱਖ ਵਿੱਚ ਦਰਪੇਸ਼ ਨਾ ਆਵੇ।