ਤਰਨ ਤਾਰਨ: ਪੱਟੀ ਦੇ ਅਧੀਨ ਪੈਂਦੇ ਪਿੰਡ ਕੈਰੋਂ ਵਿਖੇ ਇੱਕ ਨਸ਼ਾ ਤਸਕਰ ਦੇ ਪਰਿਵਾਰ ਦੇ 4 ਜੀਆਂ ਦੇ ਨਾਲ-ਨਾਲ ਉਨ੍ਹਾਂ ਦੇ ਡਰਾਈਵਰ ਦਾ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਗਲ ਵੱਢ ਕੇ ਕਤਲ ਕਰ ਦਿੱਤਾ ਹੈ।
ਮ੍ਰਿਤਕਾਂ ਵਿੱਚ ਪਰਿਵਾਰ ਦਾ ਮੁਖੀ ਬ੍ਰਿਜ ਲਾਲ (56), ਉਸ ਦੀਆਂ ਨੂੰਹਾਂ ਜਸਪ੍ਰੀਤ ਕੌਰ (28), ਅਮਨਦੀਪ ਕੌਰ (26), ਪੁੱਤਰ ਦਲਜੀਤ ਸਿੰਘ ਬੰਟੀ (22) ਤੇ ਡਰਾਈਵਰ ਗੁਰਸਾਹਿਬ ਸਿੰਘ ਸਾਬਾ ਸ਼ਾਮਲ ਹਨ।
ਹਮਲੇ ਵਿੱਚ ਮਾਰੇ ਗਏ ਡਰਾਇਵਰ ਗੁਰਸਾਹਿਬ ਸਿੰਘ ਦੇ ਚਾਚੇ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਨਸ਼ੇ ਦਾ ਆਦੀ ਸੀ ਅਤੇ ਉਹ ਬ੍ਰਿਜ ਲਾਲ ਤੋਂ ਲੈ ਕੇ ਨਸ਼ਾ ਕਰਦਾ ਸੀ। ਉਸ ਨੇ ਦੱਸਿਆ 4-5 ਦਿਨ ਪਹਿਲਾਂ ਉਹ ਉਸ ਦੇ ਕੋਲ ਖੇਤ ਆ ਗਿਆ ਸੀ, ਪਰ ਅਚਾਨਕ ਉਸ ਨੂੰ ਬ੍ਰਿਜ ਲਾਲ ਨੇ ਫ਼ੋਨ ਕਰਿਆ ਕਿ ਤੂੰ ਮੇਰੇ ਘਰੇ ਆ, ਪਰ ਉਹ ਮੇਰੇ ਰੋਕਣ ਤੇ ਵੀ ਨਾ ਰੁੱਕਿਆ।
ਰਣਜੀਤ ਸਿੰਘ ਨੇ ਦੱਸਿਆ ਕਿ ਬ੍ਰਿਜ ਲਾਲ ਦਾ ਸਾਰਾ ਪਰਿਵਾਰ ਹੀ ਚਿੱਟੇ ਦਾ ਕਾਰੋਬਾਰ ਕਰਦਾ ਸੀ। ਕਤਲ ਦੇ ਕਾਰਨਾਂ ਬਾਰੇ ਉਸ ਨੇ ਦੱਸਿਆ ਕਿ ਫ਼ਿਲਹਾਲ ਇਸ ਬਾਰੇ ਕੁੱਝ ਸਾਫ਼ ਨਹੀਂ ਹੋਇਆ ਹੈ।
ਇਸ ਵਾਰਦਾਤ ਤੋਂ ਬਾਅਦ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਜ਼ਿਲ੍ਹਾ ਤਰਨ ਤਾਰਨ ਦੇ ਐੱਸ.ਪੀ (ਡੀ) ਜਗਜੀਤ ਸਿੰਘ ਵਾਲੀਆ ਮੌਕੇ ਉੱਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ।
ਜਗਜੀਤ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਕਤਲ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉੱਥੇ ਹੀ ਬ੍ਰਿਜ ਲਾਲ ਦੀ ਕੁੜੀ ਸਰਬਜੀਤ ਕੌਰ ਨੇ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ 5 ਤੋਂ ਜ਼ਿਆਦਾ ਸੀ। ਹਮਲਾਵਾਰਾਂ ਨੇ ਅੱਧੀ ਰਾਤ ਘਰ ਅੰਦਰ ਦਾਖਲ ਹੋ ਕੇ ਬ੍ਰਿਜ ਲਾਲ ਦੇ ਡਰਾਈਵਰ ਨੂੰ ਮੌਕੇ ’ਤੇ ਸੱਦਿਆ। ਬ੍ਰਿਜ ਲਾਲ ਨੇ ਅਜੇ ਕੁੱਝ ਦਿਨ ਪਹਿਲਾਂ ਆਪਣੀ ਜ਼ਮੀਨ ਵੇਚੀ ਸੀ ਅਤੇ ਸਮਝਿਆ ਜਾ ਰਿਹਾ ਹੈ ਕਿ ਕਾਤਲ ਡਰਾਈਵਰ ਕੋਲੋਂ ਵੇਚੀ ਜ਼ਮੀਨ ਦੀ ਰਕਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਸਨ।
ਮ੍ਰਿਤਕ ਔਰਤਾਂ ਦੇ ਪਤੀ ਬਖ਼ਸ਼ੀਸ਼ ਸਿੰਘ ਸੋਨੂੰ ਤੇ ਪਰਮਜੀਤ ਸਿੰਘ ਪੰਮਾ ਨਸ਼ੇੜੀ ਹਨ ਤੇ ਉਹ ਤਰਨ ਤਾਰਨ ਦੇ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾ ਰਹੇ ਹਨ, ਜਦ ਕਿ ਬ੍ਰਿਜ ਲਾਲ ਵੀ ਨਸ਼ਿਆਂ ਦੇ ਕਾਰੋਬਾਰ ਦੇ ਦੋਸ਼ ਵਿੱਚ ਕਈ ਕੇਸਾਂ ਦਾ ਸਾਹਮਣਾ ਕਰ ਰਿਹਾ ਸੀ। ਉਸ ਦੀ ਪਤਨੀ ਰਣਜੀਤ ਕੌਰ ਰਾਣੀ ਵੀ ਨਸ਼ਿਆਂ ਦਾ ਧੰਦਾ ਕਰਨ ਲਈ ਬਦਨਾਮ ਸੀ। ਉਸ ਦੀ ਵੀ ਮਹੀਨਾ ਪਹਿਲਾਂ ਹੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਮੌਤ ਹੋ ਗਈ ਸੀ।