ਚੰਡੀਗੜ੍ਹ ਡੈਸਕ/ਤਰਨਤਾਰਨ: ਪਾਕਿਸਤਾਨ ਵੱਲੋਂ ਆਏ ਦਿਨ ਸਰਹੱਦਾਂ ਰਾਹੀਂ ਡਰੋਨਾਂ ਦੀ ਸਹਾਇਤਾਂ ਨਾਲ ਹਥਿਆਰ ਤੇ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ। ਪਾਕਿਸਤਾਨ ਆਪਣੀਆਂ ਇਨ੍ਹਾਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ, ਪਰ ਭਾਰਤ ਦੀਆਂ ਸਰਹੱਦਾਂ ਉਤੇ ਫੌਜ ਦੇ ਸਖਤ ਪਹਿਰੇ ਵਿੱਚ ਪਾਕਿਸਤਾਨ ਵੱਲੋਂ ਭੇਜੀਆਂ ਜਾਂਦੀ ਨਸ਼ੇ ਦੀ ਖੇਪ ਜਾਂ ਹਥਿਆਰਾਂ ਦੀ ਖੇਪ ਬਰਾਮਦ ਕਰ ਲਈ ਜਾਂਦੀ ਹੈ। ਫਿਰ ਵੀ ਕਿਤੇ ਨਾ ਕਿਤੇ ਇਹ ਡਰੋਨ ਕਈ ਵਾਰ ਖੇਤਾਂ ਵਿੱਚ ਜਾਂ ਕਿਸੇ ਸੁੰਨਸਾਨ ਥਾਵਾਂ ਉਤੇ ਡਿੱਗ ਜਾਂਦੇ ਹਨ। ਇਸੇ ਤਰ੍ਹਾਂ ਹੀ ਫੌਜ ਨੂੰ ਸਰਹੱਦੀ ਪਿੰਡ ਰਾਜੋਕੇ ਤੋਂ ਲਿਫਾਫੇ ਵਿੱਚ ਪੈਕ ਕੀਤੀ ਹੋਈ 3.7 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਪੁਲਿਸ ਤੇ ਫੌਜ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਬਰਾਮਦ ਹੋਈ ਹੈਰੋਇਨ :ਜਾਣਕਾਰੀ ਅਨੁਸਾਰ ਬੀਤੀ ਰਾਤ ਪੰਜਾਬ ਪੁਲਿਸ ਤੇ ਬੀਐਸਐਫ ਦੇ ਜਵਾਨਾਂ ਵੱਲੋਂ ਸਰਹੱਦੀ ਖੇਤਰ ਵਿੱਚ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਗਿਆ ਸੀ। ਇਸ ਗਸ਼ਤ ਦੌਰਾਨ ਪਿੰਡ ਰਾਜੋਕੇ ਤੋਂ ਫੌਜ ਨੂੰ ਇਕ ਲਿਫਾਫੇ ਵਿੱਚ ਪੈਕ ਕੀਤੀ ਹੋਈ ਸਮੱਗਰੀ ਪ੍ਰਾਪਤ ਹੋਈ। ਇਸ ਦੀ ਜਦੋਂ ਜਾਂਚ ਕੀਤੀ ਗਈ ਤਾਂ ਵਿਚੋਂ ਹੈਰੋਇਨ ਬਰਾਮਦ ਹੋਈ। ਜਦੋਂ ਇਸ ਦਾ ਤੋਲ ਕੀਤਾ ਗਿਆ ਤਾਂ ਇਹ ਹੈਰੋਇਨ 3 ਕਿਲੋ 770 ਗ੍ਰਾਮ ਸੀ।