ਖੇਮਕਰਨ ਸਾਹਿਬ: ਵੱਖ-ਵੱਖ ਇਲਾਕਿਆਂ 'ਚੋਂ ਗੱਡੀਆਂ ਚੋਰੀ ਕਰਕੇ ਵੇਚਣ ਵਾਲੇ ਇੱਕ ਗਿਰੋਹ ਨੂੰ ਪੁਲਿਸ ਨੇ ਬੇਨਕਾਬ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਗਿਰੋਹ ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਦੇ ਖੇਮਕਰਨ ਹਲਕੇ ਦੇ ਪਿੰਡ ਮਰਗਿੰਦਪੁਰਾ ਦਾ ਮੌਜੂਦਾ ਕਾਂਗਰਸੀ ਸਰਪੰਚ ਵੀ ਸ਼ਾਮਲ ਹੈ। ਕਾਂਗਰਸੀ ਸਰਪੰਚ ਨੂੰ ਪੁਲਿਸ ਨੇ ਉਸ ਦੇ ਇੱਕ ਹੋਰ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਸ ਫੜ੍ਹੇ ਗਏ ਗਿਰੋਹ ਦੇ 4 ਮੈਂਬਰ ਅਜੇ ਵੀ ਫਰਾਰ ਹਨ। ਜਦੋਂਕਿ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਚੋਰੀ ਦੀਆਂ 2 ਕਾਰਾਂ ਵਰਨਾ ਅਤੇ ਹੌਂਡਾ ਅਮੇਜ਼ ਵੀ ਬਰਾਮਦ ਹੋਈਆਂ ਹਨ।
ਇਸ ਬਾਰੇ ਸਬ-ਇੰਸਪੈਕਟਰ ਬਚਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਰਗਿੰਦਪੁਰਾ ਦਾ ਕਾਂਗਰਸੀ ਸਰਪੰਚ ਸਤਰਾਜ ਸਿੰਘ, ਗੁਰਮੀਤ ਸਿੰਘ ਅਤੇ ਸੁਖਮਨ ਸਿੰਘ ਵੱਖ ਵੱਖ ਇਲਾਕਿਆਂ 'ਚੋਂ ਗੱਡੀਆਂ ਚੋਰੀ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ।