ਚੰਡੀਗੜ੍ਹ: ਮਾਨਵਤਾ ਦੇ ਸੱਚੇ ਸੇਵਕ, ਸ਼ਾਂਤ ਸੁਭਾਅ ਤੇ ਧਰਮ ਦੇ ਰੱਖਿਅਕ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਹਰ ਸਾਲ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਲੱਖਾਂ ਸੰਗਤਾਂ ਵਲੋਂ ਗੁਰਦੁਆਰਿਆਂ ਸਾਹਿਬ ਵਿੱਚ ਪਾਠ ਦੇ ਭੋਗ ਪਾਏ ਜਾਂਦੇ ਹਨ। ਜਿਵੇਂ ਕਿ, ਹੁਣ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਲੱਗੀ ਤਾਲਾਬੰਦੀ ਦੇ ਮੱਦੇਨਜ਼ਰ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦੇ ਹੋਏ ਸੰਗਤ ਦੀ ਭੀੜ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਇੱਕਠੀ ਨਹੀਂ ਹੋਈ। ਗੁਰਦੁਆਰਿਆਂ ਅੰਦਰ ਘੱਟ ਗਿਣਤੀ ਵਿੱਚ ਸੇਵਕ ਇੱਕਠੇ ਹੋ ਕੇ ਇਸ ਦਿਹਾੜੇ ਲਈ ਪਾਠ ਦੇ ਭੋਗ ਪਾਉਣਗੇ।
ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਸ਼ਹੀਦ ਕਰ ਦਿੱਤਾ ਸੀ। ਇਕੱਲੇ ਸ਼ਹੀਦੀ ਨਹੀਂ, ਗੁਰੂ ਜੀ ਨੂੰ ਵੀ ਅਜਿਹੇ ਤਸੀਹੇ ਦਿੱਤੇ ਕਿ ਇਹ ਸੁਣਦਿਆਂ ਰੂਹ ਕੰਬ ਜਾਂਦੀ। ਇਹ ਤਸੀਹੇ ਅਣਮਨੁੱਖੀ ਸਨ। ਗੁਰੂ ਅਰਜਨ ਦੇਵ ਜੀ ਨੇ ਤਸੀਹੇ ਸਹਿੰਦਿਆ ਸੰਸਾਰ ਨੂੰ ‘ਸਰਬੱਤ ਦਾ ਭਲਾ’ ਦਾ ਸੰਦੇਸ਼ ਦਿੱਤਾ। ਗੁਰੂ ਜੀ ਦੀ ਸ਼ਹੀਦੀ ਨੇ ਵਿਸ਼ਵ ਵਿੱਚ ਸ਼ਾਂਤੀ ਲਿਆਉਣ ਲਈ ਪਹਿਲ ਕੀਤੀ ਅਤੇ ਮੁਗਲ ਸਾਮਰਾਜ ਦੇ ਪਤਨ ਦਾ ਕਾਰਨ ਵੀ ਬਣੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਲਿਖਿਆ, 'ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅਸੀਂ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ। ਮੇਰੀ ਸਮੁੱਚੀ ਸੰਗਤ ਨੂੰ ਅਪੀਲ ਹੈ ਕਿ ਕੋਰੋਨਾ ਮਹਾਂਮਾਰੀ ਦੀ ਔਖੀ ਘੜੀ ਵਿੱਚ ਆਪਣੇ ਆਪਣੇ ਘਰਾਂ ‘ਚ ਰਹਿ ਕੇ ਗੁਰਬਾਣੀ ਦਾ ਪਾਠ ਕਰੋ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ।'
ਇਸ ਮੌਕੇ ਸਿਆਸੀ ਨੇਤਾਵਾਂ ਵਲੋਂ ਸੋਸ਼ਲ ਮੀਡੀਆ ਟਵਿੱਟਰ ਰਾਹੀਂ ਉਨ੍ਹਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਟਵੀਟ ਕੀਤਾ ਹੈ। ਕੇਂਦਰੀ ਰਾਜ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰਦਿਆਂ ਲਿਖਿਆ, ‘ਅੱਜ ਸ਼ਹੀਦੀ ਦਿਵਸ ਮੌਕੇ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਤੇ ਸਤਿਕਾਰ ਸਹਿਤ ਪ੍ਰਣਾਮ। ਸ੍ਰੀ ਸੁਖਮਨੀ ਸਾਹਿਬ ਦੀ ਰਚਨਾ, ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਤੇ ਦੁਨੀਆਂ ਦੀ ਅਦੁੱਤੀ ਸ਼ਹਾਦਤ, ਗੁਰਦੇਵ ਪਿਤਾ ਦੀ ਅਲੌਕਿਕ ਸ਼ਖ਼ਸੀਅਤ ਦੇ ਨਿਭਾਏ ਅਗੰਮੀ ਵਰਤਾਰੇ ਦੇ ਅਹਿਮ ਪੜਾਅ ਹਨ।’
ਉੱਥੇ ਹੀ, ਫਿਰੋਜ਼ਪੁਰ ਵਿਖੇ ਜਲਾਲਾਬਾਦ ਤੋਂ ਐਮਐਲਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਕਿ, 'ਸ਼ਹੀਦਾਂ ਦੇ ਸਿਰਤਾਜ', ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ ‘ਚ ਮੇਰਾ ਕੋਟਾਨ-ਕੋਟ ਪ੍ਰਣਾਮ। ਸ਼ਹੀਦ ਕਾਰਵਾਂ ਦੇ ਮੀਰ, ਪੰਚਮ ਪਿਤਾ, ਗੁਰੂ ਸਾਹਿਬ ਜੀ ਨੇ ਮੁਗ਼ਲ ਹਕੂਮਤ ਦੇ ਜਬਰ ਵਿਰੁੱਧ ਤੱਤੀ ਤਵੀ 'ਤੇ ਬੈਠਦਿਆਂ ਸਬਰ ਦੀ ਅਣੋਖੀ ਮਿਸਾਲ ਕਾਇਮ ਕੀਤੀ।’
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ ਤਕਰੀਬਨ 55 ਲੱਖ, 3 ਲੱਖ ਮੌਤਾਂ
ਮਜੀਠੇ ਤੋਂ ਐਮਐਲਏ ਤੇ ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਯਾਦ ਵਿੱਚ ਟਵੀਟ ਕਰਦਿਆਂ ਲਿਖਿਆ, ‘ਸ਼ਹੀਦਾਂ ਦੇ ਸਰਤਾਜ, ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸਿਰ ਝੁਕਾ ਕੇ ਸਿਜਦਾ ਭੇਟ ਕਰਦੇ ਹਾਂ। ਧੀਰਜ ਅਤੇ ਉਪਕਾਰ ਦੀ ਮੂਰਤ ਪੰਜਵੇਂ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਸਮੁੱਚੀ ਸਿੱਖ ਕੌਮ ਅੰਦਰ ਧਰਮ ਹੇਤ ਸੀਸ ਵਾਰਨ ਦਾ ਜਜ਼ਬਾ ਭਰਦੀ ਹੈ।’