ਸ਼੍ਰੀ ਕੀਰਤਪੁਰ ਸਾਹਿਬ: ਅੱਜ ਸ਼੍ਰੀ ਕੀਰਤਪੁਰ ਸਾਹਿਬ ਦੇ ਨੱਕੀਆਂ ਵਿਖੇ ਪੈਂਦੇ ਰੋਹਨ ਰਾਜਦੀਪ ਟੋਲ ਪਲਾਜ਼ਾ ਵਿਖੇ ਸਾਰੇ ਪੰਜਾਬ ਦੇ 9 ਟੋਲ ਮੈਨੇਜਰਾਂ ਨੇ ਪੱਤਰਕਾਰ ਵਾਰਤਾ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਪਰ ਟੋਲ ਬੰਦ ਕਰਨਾ ਕੋਈ ਹੱਲ ਨਹੀਂ ਹੈ। ਕਿਸਾਨ ਇੱਕ ਪਾਸੇ ਬੈਠ ਕੇ ਧਰਨਾ ਦੇ ਸਕਦੇ ਹਨ ਅਤੇ ਰੋਜਾਨਾ 50-60 ਲੱਖ ਦੇ ਕਰੀਬ ਕੰਪਨੀ ਨੂੰ ਸਾਰੇ ਪੰਜਾਬ ਵਿਚ ਘਾਟਾ ਪੈ ਰਿਹਾ ਹੈ, ਜਿਸ ਕਾਰਨ ਕਰਮਚਾਰੀਆਂ ਨੂੰ ਤਨਖਾਹ ਦੇਣੀ ਔਖੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਰੀਬ 3000 ਕਰਮਚਾਰੀ ਅਤੇ ਉਨ੍ਹਾਂ ਦੇ ਪਰੀਵਾਰਿਕ ਮੈਂਬਰਾਂ ਨੂੰ ਗੁਜਾਰਾ ਕਰਨਾ ਔਖਾ ਹੋ ਗਿਆ ਹੈ ਤੇ ਘਰ ਦਾ ਖਰਚਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ।
ਲੰਮੇ ਸਮੇਂ ਤੋਂ ਬੰਦ ਟੋਲ ਪਲਾਜ਼ੇ ਚਾਲੂ ਕਰਵਾਉਣ ਦੀ ਕੀਤੀ ਮੰਗ
ਕਿਸਾਨੀ ਸੰਘਰਸ਼ ਦੇ ਚੱਲਦਿਆਂ ਪੰਜਾਬ ਦੇ ਟੋਲ ਟੈਕਸ ਲਗਭਗ 4 ਮਹੀਨੇ ਤੋਂ ਕਿਸਾਨ ਜੱਥੇਬੰਦੀਆਂ ਵਲੋਂ ਧਰਨੇ ਲਗਾ ਕੇ ਬੰਦ ਕੀਤੇ ਹੋਏ ਹਨ। ਜਿਸ ਦੇ ਚੱਲਦਿਆਂ ਟੋਲ ਪਲਾਜ਼ਾ ਕੰਪਨੀਆਂ ਨੂੰ ਵੀ ਰੋਜ਼ਾਨਾ ਲੱਖਾਂ ਦਾ ਘਾਟਾ ਸਹਿਣਾ ਪੈ ਰਿਹਾ ਹੈ। ਇਸ ਬੰਦ ਦੇ ਕਾਰਨ ਟੋਲ ਪਲਾਜ਼ਾ ਕਰਮੀਆਂ ਨੂੰ ਤਨਖਾਹਾਂ ਨਹੀਂ ਮਿਲ ਰਿਹਾ ਜਿਸ ਦੇ ਕਾਰਨ ਉਨ੍ਹਾਂ ਨੂੰ ਆਪਣੇ ਘਰ ਦਾ ਖਰਚਾ ਚਲਾਉਣਾ ਵੀ ਔਖਾ ਹੋ ਰਿਹਾ ਹੈ ।
ਟੋਲ ਪਲਾਜ਼ਾ ਦੇ ਮੈਨੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਤਕਰੀਬਨ ਚਾਰ ਮਹੀਨਿਆਂ ਤੋਂ ਟੋਲ ਪਲਾਜ਼ਾ ਬੰਦ ਹੋਣ ਕਰਕੇ ਅਤੇ ਉਸਤੋਂ ਪਹਿਲਾ ਕੋਰੋਨਾ ਕਾਲ ਵਿੱਚ ਵੀ ਤਨਖਾਹਾਂ ਦੇ ਰਹੇ ਸੀ ਪਰ ਹੁਣ ਬਹੁਤ ਮੁਸ਼ਕਿਲ ਹੋ ਗਿਆ ਹੈ। ਸੜਕ ਦੀ ਮੁਰੰਮਤ ਦਾ ਖਰਚਾ ਅਤੇ ਹੋਰ ਖਰਚੇ ਰੋਜਾਨਾ ਪੈ ਰਹੇ ਹਨ, ਪਰ ਕਮਾਈ ਜ਼ੀਰੋ ਹੈ।
ਉਨ੍ਹਾਂ ਕਿਸਾਨਾਂ ਦੇ ਨਾਲ-ਨਾਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਸ਼ਾਂਤਮਈ ਧਰਨਾ ਦਿੰਦੇ ਰਹਿਣ ਪਰ ਨਾਲ ਹੀ ਟੋਲ ਪਲਾਜ਼ੇ ਵੀ ਚਾਲੂ ਕਰਵਾ ਦਿੱਤੇ ਜਾਣ ਤਾਂ ਜੋ ਵਰਕਰਾਂ ਦਾ ਘਰ ਵੀ ਚੱਲ ਸਕੇ। ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਟੋਲ ਚਾਲੂ ਹੋ ਜਾਵੇਗਾ। ਅਸੀਂ ਸਾਰੇ ਪੰਜਾਬ ਦੇ ਜਿੰਨੇ ਵੀ ਟੋਲ ਕਰਮਚਾਰੀ ਉਹ ਇੱਕ ਦਿਨ ਦੀ ਤਨਖਾਹ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਨਗੇ।