ਸ੍ਰੀ ਮੁਕਤਸਰ ਸਾਹਿਬ: ਪਿੰਡ ਸਰਾਏ ਨਾਗਾ ਵਿੱਚ ਭੋਲੇ ਭਾਲੇ ਨੌਜਵਾਨ ਦਾ ਭੇਤਭਰੇ ਹਾਲਾਤਾਂ ਵਿੱਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਮੌਕੇ ਉੱਤੇ ਪੁੱਜੀ ਪੁਲਿਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ।
ਮ੍ਰਿਤਕ ਦੇ ਪਿਤਾ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੁਕਾਨ ਤੋਂ ਕਿਸੇ ਦੇ ਘਰ 4 ਹਜ਼ਾਰ ਰੁਪਏ ਦੇਣ ਲਈ ਗਿਆ ਸੀ ਪਰ ਉਨ੍ਹਾਂ ਦਾ ਪੁੱਤਰ ਉਸ ਘਰ ਪੈਸੇ ਦੇਣ ਲਈ ਪਹੁੰਚਿਆ ਹੀ ਨਹੀਂ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਪ੍ਰੰਤੂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਦੀ ਲਾਸ਼ ਗੁਰਦੁਆਰਾ ਦੇ ਨਾਲ ਲੱਗਦੇ ਖੇਤ ਵਿੱਚ ਪਈਆਂ ਪੁਰਾਲੀ ਦੀਆਂ ਦੀ ਗੱਠਾਂ ਹੇਠ ਦੱਬੀ ਮਿਲੀ, ਜਿਸ ਦੀ ਸੂਚਨਾ ਉਨ੍ਹਾਂ ਨੇ ਥਾਣਾ ਬਰੀਵਾਲਾ ਦੀ ਪੁਲਿਸ ਨੂੰ ਦਿੱਤੀ, ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਇਸ ਦੇ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਿਲਕੁਲ ਹੀ ਸਿੱਧਾ ਸਾਦਾ ਤੇ ਬਹੁਤ ਹੀ ਭੋਲਾ ਹੈ ਜੋ ਕਿ ਉਨ੍ਹਾਂ ਦੇ ਨਾਲ ਦੁਕਾਨ ਉੱਪਰ ਕੰਮ ਕਰਦਾ ਸੀ।
ਉਨ੍ਹਾਂ ਨੇ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਦਾ ਪੁੱਤਰ ਦੁਕਾਨ ਤੋਂ ਕਿਸੇ ਦੇ ਘਰ 4 ਹਜ਼ਾਰ ਰੁਪਏ ਦੇਣ ਲਈ ਗਿਆ ਤਾਂ ਉਸ ਦੇ ਪਿੱਛੇ ਕੁਝ ਅਣਪਛਾਤੇ ਅਤੇ ਨਸ਼ੇੜੀ ਮੁੰਡੇ ਉਸ ਨੂੰ ਲੁੱਟਣ ਲਈ ਲੱਗ ਗਏ ਅਤੇ ਪੈਸੇ ਅਤੇ ਉਸ ਦਾ ਮੋਬਾਇਲ ਖੋਹ ਕੇ ਉਸ ਦਾ ਕਤਲ ਕਰ ਦਿੱਤਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਬੱਚਾ ਬਹੁਤ ਭੋਲਾ ਭਾਲਾ ਸੀ ਕਿ ਚੰਗੀ ਤਰ੍ਹਾਂ ਬੋਲ ਵੀ ਨਹੀ ਸਕਦਾ ਸੀ ਤੇ ਨਾ ਹੀ ਕਿਸੇ ਦੇ ਨਾਲ ਕਦੇ ਲੜਾਈ ਝਗੜਾ ਕਰਦਾ ਸੀ।