ਸ੍ਰੀ ਮੁਕਤਸਰ ਸਾਹਿਬ: ਕੁਝ ਸਮਾਂ ਪਹਿਲਾਂ ਇੱਕ ਸਥਾਨਕ ਕ੍ਰਿਕਟ ਅਕੈਡਮੀ ਨੇ ਇਸ "ਹੀਰੇ" ਨੂੰ "ਨਾ ਖੇਡਣਯੋਗ ਹੁਨਰ" ਵਾਲਾ ਸਮਝ ਕੇ ਛੱਡ ਦਿੱਤਾ ਸੀ, ਉਸੇ ਕ੍ਰਿਕਟ ਖਿਡਾਰੀ ਦੀ ਕੌਂਮੀ ਪੱਧਰ ਦੇ ਟੂਰਨਾਮੈਂਟ ਖੇਡਣ ਲਈ ਚੋਣ ਹੋਈ ਹੈ। ਇਸ ਖਿਡਾਰੀ ਦਾ ਨਾਂਅ ਅਪਰਾਜ ਖਾਨ ਹੈ, ਜੋ ਪਿੰਡ ਬੁੱਟਰ ਸ਼ਰੀਂਹ ਦੇ ਇੱਕ ਬਹੁਤ ਗਰੀਬ ਪਰਿਵਾਰ ਦਾ ਮੁੰਡਾ ਹੈ।
ਜ਼ਿਲ੍ਹੇ ਦੇ ਵਾਸਤੇ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਪਿੰਡ ਬੁੱਟਰ ਸ਼ਰੀਂਹ ਦਾ ਇੱਕ ਨੌਜਵਾਨ ਕ੍ਰਿਕੇਟ ਖਿਡਾਰੀ ਦੀ ਵਿਦੇਸ਼ੀ ਟੂਰ ਖੇਡਣ ਲਈ ਕ੍ਰਿਕਟ ਵਾਸਤੇ ਚੋਣ ਹੋਈ ਹੈ। ਹੁਣ ਪੇਂਡੂ ਖੇਤਰ ਦਾ ਇਹ ਮਿਹਨਤੀ ਨੌਜਵਾਨ ਨੇ ਏਨੀ ਮਿਹਨਤ ਕੀਤੀ ਕਿ ਅੱਜ ਇਸ ਨੂੰ ਲੱਖਾਂ ਰੁਪਏ ਦੇ ਸਲਾਨਾ ਪੈਕੇਜ ਤੇ ਕੌਂਮਾਤਰੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨਾਲ ਖੇਡਣ ਦਾ ਸੁਨਿਹਰਾ ਮੌਕਾ ਮਿਲਿਆ ਹੈ। ਖਿਡਾਰੀ ਦਾ ਇਹ ਕ੍ਰਿਕੇਟ ਟੂਰਨਾਮੈਂਟ ਮਈ 2021 'ਚ ਹੋਵੇਗਾ। ਇਸ ਤੋਂ ਪਹਿਲਾਂ ਇਹ ਖਿਡਾਰੀ ਦੁਬਈ, ਸਵਿੱਜ਼ਰਲੈਂਡ ਅਤੇ ਸਕਾਟਲੈਂਡ ਵਿੱਚ ਖੇਡੇਗਾ।
ਗਰੀਬ ਪਰਿਵਾਰ ਦੇ ਇਸ ਨੌਜਵਾਨ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਅਜਿਹੀ ਸੀ ਕਿ ਉਹ ਖੁਦ ਵਾਸਤੇ ਸਾਈਕਲ ਖਰੀਦਣ ਦੇ ਵੀ ਸਮਰੱਥ ਨਹੀਂ ਸੀ। ਪਰ ਇਸ ਔਖੀ ਘੜੀ ਵਿੱਚ ਉਸਦੇ ਦੋਸਤ ਮਨਪ੍ਰੀਤ ਨੇ ਉਸ ਦੀ ਕਾਫ਼ੀ ਸਹਾਇਤਾ ਕੀਤੀ।