ਸ੍ਰੀ ਮੁਕਤਸਰ ਸਾਹਿਬ: ਹਲਕਾ ਮਲੋਟ ਦੇ ਪਿੰਡ ਚੱਕ ਸ਼ੇਰੇਵਾਲਾ ਦੀ ਅਮਨਦੀਪ ਕੌਰ ਨੇ ਅੱਤਵਾਦ ਦੇ ਦੌਰ 'ਚ ਆਪਣੇ ਪਰਿਵਾਰ ਦੇ ਸੱਤ ਜੀਆਂ ਦੀਆਂ ਜਾਨਾਂ ਗਵਾਈਆਂ ਹਨ। ਜਿਸ ਨੂੰ ਲੈਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲੋਂ ਤਰਸ ਦੇ ਅਧਾਰ 'ਤੇ ਨੌਕਰੀ ਦੀ ਮੰਗ ਕੀਤੀ ਹੈ।
ਅੱਤਵਾਦ 'ਚ ਪਰਿਵਾਰ ਦੇ ਸੱਤ ਜੀਆਂ ਦੀ ਜਾਨ ਗਵਾਉਣ ਵਾਲੀ ਮਹਿਲਾ ਨੇ ਕੀਤੀ ਨੌਕਰੀ ਦੀ ਮੰਗ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੀੜ੍ਹਤ ਮਹਿਲਾ ਨੇ ਦੱਸਿਆ ਕਿ ਸਾਲ 1991 ਦੀ ਗੱਲ ਹੈ ਜਦੋਂ ਉਹ ਕਰੀਬ ਪੰਜ ਜਾਂ ਛੇ ਸਾਲ ਦੇ ਸੀ ਤੇ ਉਹ ਫਿਰੋਜ਼ਪੁਰ ਅਧੀਨ ਪੈਂਦੇ ਪਿੰਡ ਵਡੇਰੀ ਵਿੱਚ ਰਹਿੰਦੇ ਸੀ। ਮਹਿਲਾ ਨੇ ਦੱਸਿਆ ਕਿ ਉਸ ਸਮੇਂ ਅੱਤਵਾਦੀਆਂ ਦਾ ਬੜਾ ਖ਼ੌਫ਼ ਸੀ ਉਨ੍ਹਾਂ ਦੇ ਤਾਇਆ ਜੀ ਕੋਲ ਕੁਝ ਵਿਅਕਤੀ ਆਉਂਦੇ ਸੀ ਅਤੇ ਉਨ੍ਹਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਕੋਲੋਂ ਰੋਟੀ ਪਾਣੀ ਖਾਇਆ ਕਰਦੇ ਸਨ।
ਉਕਤ ਪੀੜ੍ਹਤ ਮਹਿਲਾ ਨੇ ਦੱਸਿਆ ਕਿ ਘਰ ਰੋਜ਼ੀ ਰੋਟੀ ਜ਼ਿਆਦਾ ਨਾ ਹੋਣ ਕਾਰਨ ਉਨ੍ਹਾਂ ਦੇ ਪਿਤਾ ਜੀ ਵਲੋਂ ਪੁਲਿਸ ਨੂੰ ਇਨ੍ਹਾਂ ਵਿਅਕਤੀਆਂ ਬਾਰੇ ਜਾਣਕਾਰੀ ਦਿੱਤੀ ਸੀ। ਉਕਤ ਪੀੜ੍ਹਤ ਮਹਿਲਾ ਨੇ ਦੱਸਿਆ ਕਿ ਇਸ ਦੀ ਰੰਜਿਸ਼ ਰੱਖਦੇ ਹੋਏ ਉਨ੍ਹਾਂ ਦੇ ਪਰਿਵਾਰ ਦੇ ਸੱਤ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਕਤ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ ਘੱਟ ਹੋਣ ਕਾਰਨ ਉਸ ਨੂੰ ਅਤੇ ਉਸਦੀ ਭੈਣ ਨੂੰ ਛੱਡ ਦਿੱਤਾ ਸੀ। ਮਹਿਲਾ ਦਾ ਕਹਿਣਾ ਕਿ ਉਸਦਾ ਵਿਆਹ ਚੱਕ ਸ਼ੇਰੇਵਾਲਾ 'ਚ ਹੋਇਆ ਅਤੇ ਉਸ ਦਾ ਪਤੀ ਪ੍ਰਾਈਵੇਟ ਨੌਕਰੀ ਕਰਦਾ ਹੈ। ਮਹਿਲਾ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦੇ ਸਕਦੇ ਹਨ ਤਾਂ ਉਸ ਨੂੰ ਵੀ ਤਰਸ ਦੇ ਅਧਾਰ 'ਤੇ ਨੌਕਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ:ਹਸਪਤਾਲ ਬਣਿਆ ਮੈਦਾਨੇ ਜੰਗ, ਐਂਮਰਜੇਂਸੀ ਵਾਰਡ ਵਿੱਚ ਚੱਲੇ ਘਸੁੰਨ-ਮੁੱਕੇ