ਸ੍ਰੀ ਮੁਕਤਸਰ ਸਾਹਿਬ: ਸੂਬੇ 'ਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਲੈਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ। ਇਸ ਦੇ ਚੱਲਦਿਆਂ ਸਰਕਾਰ ਵਲੋਂ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸੂਬਾ ਸਰਕਾਰ ਵਲੋਂ ਸਕੂਲ, ਕਾਲਜ ਦੇ ਨਾਲ-ਨਾਲ ਜਿੰਮ ਵੀ ਬੰਦ ਕੀਤੇ ਗਏ ਹਨ। ਇਸ ਨੂੰ ਲੈਕੇ ਸ੍ਰੀ ਮੁਕਤਸਰ ਸਾਹਿਬ 'ਚ ਜਿੰਮ ਮਾਲਕਾਂ ਵਲੋਂ ਜਿੰਮ ਖੋਲ੍ਹਣ ਦੀ ਮੰਗ ਕਰਦਿਆਂ ਡੀ.ਸੀ ਨੂੰ ਮੰਗ ਪੱਤਰ ਵੀ ਸੌਂਪਿਆ।
ਇਸ ਸਬੰਧੀ ਜਿੰਮ ਮਾਲਿਕਾਂ ਦਾ ਕਹਿਣਾ ਕਿ ਜਿੰਮ ਆਉਣ ਨਾਲ ਲੋਕਾਂ ਦੀ ਸਿਹਤ ਬਣਦੀ ਹੈ ਅਤੇ ਉਨ੍ਹਾਂ ਦੀ ਇਮਊਨਿਟੀ ਵੱਧਦੀ ਹੈ। ਉਨ੍ਹਾਂ ਕਿਹਾ ਕਿ ਬਾਵਜੂਦ ਇਸ ਦੇ ਸਰਕਾਰ ਨੇ ਜਿੰਮ ਬੰਦ ਕੀਤੇ ਹਨ ਅਤੇ ਠੇਕੇ ਖੁੱਲ੍ਹੇ ਰੱਖੇ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਲੌਕ ਡਾਊਨ ਕਾਰਨ ਉਹ ਪਹਿਲਾਂ ਹੀ ਮੰਦਹਾਲੀ ਦੀ ਮਾਰ ਝੱਲ ਰਹੇ ਹਨ। ਹੁਣ ਸਰਕਾਰ ਵਲੋਂ ਮੁੜ ਜਿੰਮ ਬੰਦ ਕਰ ਦਿੱਤੇ ਗਏ ਹਨ, ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੋ ਰਹੀ ਹੈ।