ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਪਿੰਡ ਭਾਰੂ ਵਿਖੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨਸ਼ੇੜੀ ਪੁੱਤ ਨੇ ਆਪਣੀ ਮਾਂ ਨੂੰ ਘਰ ਵਿੱਚ ਬਣੀ ਟੈਂਕੀ ਵਿੱਚ ਡੁਬੋ ਕੇ ਮਾਰ ਦਿੱਤਾ ਹੈ। ਪੁਲਿਸ ਨੇ ਮ੍ਰਿਤਕਾ ਦੀ ਧੀ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ।
ਨਸ਼ੇੜੀ ਪੁੱਤ ਨੇ ਕੀਤਾ ਮਾਂ ਦਾ ਕਤਲ, ਪੁਲਿਸ ਨੇ ਹਿਰਾਸਤ ਵਿੱਚ ਲਿਆ ਮੁਲਜ਼ਮ - Son killed mother
ਸ੍ਰੀ ਮੁਕਤਰਸਰ ਸਾਹਿਬ ਦੇ ਪਿੰਡ ਭਾਰੂ ਵਿਖੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨਸ਼ੇੜੀ ਪੁੱਤ ਨੇ ਆਪਣੀ ਮਾਂ ਨੂੰ ਘਰ ਵਿੱਚ ਬਣੀ ਟੈਂਕੀ ਵਿੱਚ ਡੁਬੋ ਕੇ ਮਾਰ ਦਿੱਤਾ ਹੈ। ਪੁਲਿਸ ਨੇ ਮ੍ਰਿਤਕਾ ਦੀ ਧੀ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕਾ ਦੀ ਧੀ ਸੁਰਜੀਤ ਕੌਰ ਨੇ ਕਿਹਾ ਕਿ ਉਹ ਵਿਆਹੁਤਾ ਹੈ ਤੇ ਉਹ ਮਾਹਣੀ ਖੇੜਾ ਦੀ ਵਾਸੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪੇਕੇ ਪਿੰਡ ਭਾਰੂ ਵਿਖੇ ਆਪਣੀ ਮਾਂ ਨੂੰ ਮਿਲਣ ਲਈ ਆਈ ਹੋਈ ਸੀ ਤੇ ਉਸ ਦੇ ਭਤੀਜੇ ਤੇ ਭਰਜਾਈ ਖੇਤ ’ਚ ਕੰਮ ਕਰਨ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਉਸ ਦਾ ਭਰਾ ਪੂਰਨ ਸਿੰਘ ਅਕਸਰ ਉਸ ਦੀ ਮਾਂ ਨੂੰ ਨਸ਼ੇ ਦੀ ਪੂਰਤੀ ਲਈ ਤੰਗ ਪਰੇਸ਼ਾਨ ਕਰਦਾ ਸੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ। ਰੋਜ਼ਾਨਾ ਵਾਂਗ ਅੱਜ ਜਦੋਂ ਉਹ ਮਾਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ਤਾਂ ਮਾਂ ਨੇ ਪੈਸੇ ਦੇਣ ਤੋਂ ਅਸਮਰਥਾ ਜਤਾਈ, ਜਿਸ ਤੋਂ ਬਾਅਦ ਪੂਰਨ ਸਿੰਘ ਤੈਸ਼ ’ਚ ਆ ਕੇ ਬਜ਼ੁਰਗ ਮਾਂ ਨੂੰ ਪਾਣੀ ਵਾਲੀ ਟੈਂਕੀ ’ਚ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਮਾਂ ਬਜ਼ੁਰਗ ਹੋਣ ਕਰਕੇ ਟੈਂਕੀ ਵਿੱਚੋਂ ਬਾਹਰ ਨਾ ਨਿਕਲ ਸਕੀ। ਇਸੇ ਵਿਚਕਾਰ ਜਦੋਂ ਉਸ ਨੇ ਮਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਭਰਾ ਨੇ ਉਸ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਰੌਲਾ ਪਾਇਆ ਤੇ ਜਦੋਂ ਮਾਂ ਨੂੰ ਪਾਣੀ ਵਿੱਚੋਂ ਕੱਢਿਆ ਗਿਆ ਤਾਂ ਉਦੋਂ ਤੱਕ ਮਾਂ ਦੀ ਮੌਤ ਹੋ ਚੁੱਕੀ ਸੀ।
ਐਸਐਚਓ ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮ੍ਰਿਤਕਾ ਦੀ ਧੀ ਦੇ ਬਿਆਨਾਂ ’ਤੇ ਪੂਰਨ ਸਿੰਘ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਰਮਜੀਤ ਸਿੰਘ ਨੇ ਦੱਸਿਆ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।