ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਤੋਂ 8 ਕਿਲੋਮੀਟਰ ਦੂਰ ਪਿੰਡ ਖਿੜਕੀਆਂਵਾਲਾ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਜ਼ੁਰਗ ਮਾਂ ਨੂੰ ਉਸ ਦੇ ਛੋਟੇ ਪੁੱਤਰ ਜਸਵਿੰਦਰ ਸਿੰਘ ਨੇ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਹੈ ਤੇ ਹੁਣ ਉਹ ਇੱਕ ਡੇਰੇ ਵਿੱਚ ਰਹਿ ਰਹੀ ਹੈ।
ਡੇਰੇ ਵਿੱਚ ਰਹਿ ਰਹੀ ਬਜ਼ੁਰਗ ਮਾਤਾ ਤੇਜ਼ ਕੌਰ ਨੇ ਦੱਸਿਆ ਕਿ ਉਸ ਦੇ ਦੋ ਮੁੰਡੇ ਹਨ। ਵੱਡੇ ਦਾ ਨਾਂਅ ਸੁਖਚੈਨ ਸਿੰਘ ਤੇ ਛੋਟੇ ਦਾ ਨਾਂਅ ਜਸਵਿੰਦਰ ਸਿੰਘ ਹੈ। ਉਨ੍ਹਾਂ ਨੇ ਕਿਹਾ ਕਿ ਉਸ ਦੇ ਕੋਲ 13 ਕਨਾਲ ਜ਼ਮੀਨ ਹੈ ਜੋ ਕਿ ਉਸ ਨੇ ਆਪਣੇ ਦੋਨਾਂ ਮੁੰਡਿਆਂ ਨੂੰ ਬਰਾਬਰ ਹਿੱਸੇ ਠੇਕੇ ਉੱਤੇ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸੁਖਚੈਨ ਉਸ ਨੂੰ ਠੇਕੇ ਦੇ ਪੈਸੇ ਸਮੇਂ ਸਿਰ ਦੇ ਦਿੰਦਾ ਹੈ ਪਰ ਛੋਟਾ ਮੁੰਡਾ ਜਸਵਿੰਦਰ ਸਿੰਘ ਉਸ ਨੂੰ ਠੇਕੇ ਦੇ ਨਾ ਹੀ ਪੈਸੇ ਦਿੰਦਾ ਹੈ ਅਤੇ ਨਾ ਹੀ ਜ਼ਮੀਨ ਖ਼ਾਲੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਇਹ ਵੀ ਮੰਗ ਕਰਦਾ ਸੀ ਕਿ ਉਸ ਨੂੰ ਸੁਖਚੈਨ ਸਿੰਘ ਵੱਲੋਂ ਮਿਲਣ ਵਾਲੇ ਠੇਕੇ ਦੇ ਪੈਸੇ ਵੀ ਦਿੱਤੇ ਜਾਣ ਪਰ ਜਦੋਂ ਉਨ੍ਹਾਂ ਨੇ ਜਸਵਿੰਦਰ ਸਿੰਘ ਨੂੰ ਪੈਸੇ ਨਹੀਂ ਦਿੱਤੇ ਤਾਂ ਜਸਵਿੰਦਰ ਸਿੰਘ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਪੁਲਿਸ ਵਿੱਚ ਦਰਖਾਸਤ ਵੀ ਦਿੱਤੀ ਹੈ ਪਰ ਅਜੇ ਤੱਕ ਉਸ ਦੀ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਰਹਿੰਦੀਆਂ 3 ਮਹੀਨੇ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇੱਕ ਰੋਟੀ ਹੀ ਧੱਕੇ ਖਾ ਰਹੀ ਹੈ।