ਸ੍ਰੀ ਮੁਕਤਸਰ ਸਾਹਿਬ: ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਸਿਆਸੀ ਆਗੂ ਆਮ ਜਨਤਾ ਨੂੰ ਰਿਝਾਉਣ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੇ। ਇਸ ਦਾ ਹੀ ਨਤੀਜਾ ਹੈ ਕਿ ਨੀਂਹ ਪੱਥਰ ਸਮਾਗਮਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਗਿੱਦੜਬਾਹਾ ਦੇ ਪਿੰਡ ਕੋਟਭਾਈ 'ਚ 1.62 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ।
ਆਪਣੇ ਕੋਟੇ 'ਚੋਂ ਦੇਣਗੇ 15 ਲੱਖ
ਖੇਡ ਮੰਤਰੀ ਦੇ ਦਾਅਵੇ ਅਨੁਸਾਰ ਇਸ ਸਟੇਡੀਅਮ ਵਿੱਚ ਸਾਰੀਆਂ ਸਹੂਲਤਾਂ ਉਪਲਬੱਧ ਹੋਣਗੀਆਂ। ਇੰਨਾ ਹੀ ਨਹੀਂ ਰਾਣਾ ਗੁਰਮੀਤ ਨੇ ਸਟੇਡੀਅਮ ਵਿੱਚ ਸਿੰਥੈਟਿਕ ਟ੍ਰੈਕ ਬਣਾਉਣ ਅਤੇ ਆਪਣੇ ਅਖਤਿਆਰੀ ਕੋਟੇ ਵਿਚੋਂ 15 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਨੀਂਹ ਪੱਥਰ ਸਮਾਗਮ ਚ ਰਾਣਾ ਸੋਢੀ ਉਲੰਪਿਕ 'ਚ ਗੋਲਡ ਮੈਡਲ ਜਿੱਤਣ ਵਾਲਿਆਂ ਨੂੰ ਗੱਫ਼ੇ!
ਇਸ ਤੋਂ ਇਲਾਵਾ ਉਨ੍ਹਾਂ ਗਿੱਦੜਬਾਹਾ 'ਚ ਇੱਕ ਹੋਰ ਸਟੇਟ ਆਫ਼ ਦਾ ਆਰਟ ਸਟੇਡੀਅਮ ਬਣਾਏ ਜਾਣ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕੋਈ ਖਿਡਾਰੀ ਉਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਲਿਆਉਂਦਾ ਹੈ ਤਾਂ ਉਸ ਨੂੰ 2.50 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਕਿਸਾਨ ਧਰਨਿਆਂ 'ਤੇ ਬਿਆਨ
ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨਿਆਂ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਧਰਨੇ ਛੱਡ ਕੇ ਆਪਣੀਆਂ ਮੰਗਾਂ ਦੇ ਸਥਾਈ ਹੱਲ ਲਈ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਮਸਲੇ ਦਾ ਹੱਲ ਕੱਢਣ ਨੂੰ ਤਿਆਰ ਹਨ।