ਸ੍ਰੀ ਮੁਕਤਸਰ ਸਾਹਿਬ: ਬੀਤੇ 2 ਹਫਤਿਆਂ ਤੋਂ ਧਰਨੇ 'ਤੇ ਬੈਠੇ ਕਿਸਾਨ ਪੰਪ ਮੋਰਚਾ ਦਾ ਸਮਰਥਨ ਕਰਨ ਲਈ ਅੱਜ ਗਿੱਦੜਬਾਹਾ ਦੇ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲੰਬੀ ਪਹੁੰਚੇ। ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਦਾ ਕੋਈ ਆਦੇਸ਼ ਨਹੀਂ ਹੈ ਕਿ ਲਿਫਟ ਪੰਪ ਬੰਦ ਕਰ ਦਿੱਤੇ ਜਾਣ, ਜੇਕਰ ਅਜਿਹੇ ਹੁਕਮ ਹੁੰਦੇ ਤਾਂ ਉਹ ਖੁਦ ਕਿਸਾਨਾਂ ਦੇ ਇਸ ਧਰਨੇ ਵਿੱਚ ਨਹੀਂ ਆਉਂਦੇ।
ਉਨ੍ਹਾਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਨਹੀਂ ਹੋਏਗਾ। ਉਨ੍ਹਾਂ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਕਿ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੇ ਨਹਿਰੀ ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਜਲਦੀ ਹੀ ਇੱਥੇ ਆ ਕੇ ਕਿਸਾਨਾਂ ਦੇ ਹੱਕ ਵਿੱਚ ਲਿਫਪ ਪੰਪ ਚਾਲੂ ਰਖਣ ਬਾਰੇ ਐਲਾਨ ਕਰਣਗੇ।
ਧਰਨੇ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਅਫਸਰਸ਼ਾਹੀ 'ਤੇ ਵੀ ਨਿਸ਼ਾਨਾ ਸਾਧਿਆ ਤੇ ਬੋਲੇ, "ਮੈਂ ਇੱਕ ਅਫਸਰ ਨੂੰ ਕਿਹਾ, "ਛਿੱਤਰ ਵੀ ਖਾਏਂਗਾ, ਗੰਢੇ ਵੀ ਖਾਏਂਗਾ, ਹੋਣਾ ਕੱਖ ਨਹੀਂ, ਐਂਵੇ ਸਾਨੂੰ ਖਰਾਬ ਕਰੇਂਗਾ ਥੁੱਕ ਕੇ ਚੱਟਣਾ ਵੀ ਪੈਣਾ। ਉਨ੍ਹਾਂ ਆਖਿਆ ਕਿ ਮੇਰੇ ਕਹਿਣ ਦਾ ਮਤਲਬ ਹੈ ਕਿ ਫੇਰ ਵੀ ਥੁੱਕ ਕੇ ਚੱਟਣਾ ਪਵੇਗਾ। ਸੋ ਪਹਿਲਾਂ ਹੀ ਆਖ ਦਿਓ ਕਿ ਕੰਮ ਠੀਕ ਹੈ।"
ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਕਿਸਾਨਾਂ ਦੇ ਪੱਖ ਵਿੱਚ ਹਨ ਅਤੇ ਉਨ੍ਹਾਂ ਨੇ ਨਹਿਰੀ ਵਿਭਾਗ ਦੇ ਮੰਤਰੀ ਨਾਲ ਗੱਲ ਕੀਤੀ ਹੈ ਤੇ ਹੁਣ ਕਿਸੇ ਤਰ੍ਹਾਂ ਦੀ ਫਿਕਰ ਕਰਨ ਦੀ ਲੋੜ ਨਹੀਂ। ਰਾਜਾ ਵੜਿੰਗ ਨੇ ਇੱਥੇ ਆਪਣੇ ਅੰਦਾਜ਼ 'ਚ ਕਿਹਾ ਕਿ ਜੇਕਰ ਨਹਿਰ ਬਣ ਗਈ ਤਾਂ ਅੱਜ ਆਪਣੀਆਂ ਪਾਈਪਾਂ ਜੋੜ ਲਵੋ ਤੇ ਜੇ ਫੇਰ ਕੋਈ ਦਿੱਕਤ ਆਈ ਤਾਂ ਫੇਰ ਵੇਖਾਂਗੇ। ਉਨ੍ਹਾਂ ਆਖਿਆ ਕਿ ਜੇ ਕਿਸੇ ਅਫਸਰ ਨੇ ਕਾਰਵਾਈ ਕਰਨੀ ਹੋਈ ਤਾਂ ਉਹ ਮੇਰੇ 'ਤੇ ਕਰ ਲਵੇ ਤੇ ਧਰਨਾ ਸਮਾਪਤ ਕਰੋ। ਜੇਕਰ ਫੇਰ ਤੋਂ ਲੋੜ ਪਈ ਤਾਂ ਦੁਬਾਰਾ ਧਰਨਾ ਲਾਉਣ ਉਹ ਖੁਦ ਆਵੇਗਾ।