ਸ੍ਰੀ ਮੁਕਤਸਰ ਸਾਹਿਬ : ਮਾਲਵਾ ਖੇਤਰ ਦੇ ਮਲੋਟ ਤੇ ਲੰਬੀ ਹਲਕੇ ਵਿੱਚ ਨਰਮਾ ਕਾਸ਼ਤਕਾਰ ਕਿਸਾਨਾਂ ਨੂੰ ਇਸ ਵਾਰ ਨਰਮੇ ਦੀ ਚੰਗੀ ਫ਼ਸਲ ਹੋਣ ਦੀ ਉਮੀਦ ਸੀ ਪਰ ਇਨ੍ਹਾਂ ਹਲਕਿਆਂ 'ਚ ਹੋਈ ਬਾਰਿਸ਼ ਤੇ ਗੁਲਾਬੀ ਸੁੰਡੀ ਨੇ ਕਈ ਪਿੰਡਾਂ ਦੀ ਨਰਮੇ ਦੇ ਝਾੜ 'ਤੇ ਕਾਫੀ ਅਸਰ ਪਾਇਆ ਹੈ। ਇਸ ਦੇ ਚਲਦਿਆਂ ਕਈ ਕਿਸਾਨ ਖੜ੍ਹਾ ਨਰਮਾ ਪੁੱਟਣ ਲਈ ਮਜਬੂਰ ਹਨ। ਜ਼ਿਲ੍ਹਾ ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੇ ਨੁਕਸਾਨ ਦੀ ਗੱਲ ਕਹੀ ਜਾ ਰਹੀ ਹੈ। ਪਿਛਲੇ ਸਮੇਂ ਤੋਂ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਨੇ ਨਰਮੇ ਦੀ ਫ਼ਸਲ ਤੋਂ ਮੁੱਖ ਮੋੜ ਲਿਆ ਸੀ।
ਗੁਲਾਬੀ ਸੁੰਡੀ ਦਾ ਸ਼ਿਕਾਰ :ਇਸ ਵਾਰ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਧਰਤੀ ਹੇਠਲੇ ਪਾਣੀ ਦੀ ਬਚਤ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਨਰਮੇ ਦੀ ਫਸਲ ਬੀਜਣ ਲਈ ਪੇ੍ਰਿਤ ਕੀਤਾ ਸੀ। ਕਿਸਾਨਾਂ ਦੀ ਇਸ ਵਾਰ ਨਰਮੇ ਦੀ ਫ਼ਸਲ ਕਾਫੀ ਵਧੀਆ ਸੀ ਤੇ ਕਿਸਾਨਾਂ ਨੂੰ ਚੰਗੀ ਫਸਲ ਹੋਣ ਦੀ ਉਮੀਦ ਸੀ,ਪਰ ਸਤੰਬਰ ਮਹੀਨੇ 'ਚ ਕਈ ਦਿਨ ਰੁੱਕ-ਰੁੱਕ ਕੇ ਹੋਈ ਬਾਰਿਸ਼ ਤੇ ਤੇਜ਼ ਹਵਾਵਾਂ ਨੇ ਨਰਮੇ ਨੂੰ ਕਾਫੀ ਨੁਕਸਾਨ ਪਹੁੰਚਾਇਆ। ਇਸ 'ਚ ਜਿਆਦਾਤਰ ਹਲਕਾ ਮਲੋਟ ਤੇ ਲੰਬੀ ਦੇ ਕਈ ਪਿੰਡ ਪ੍ਰਭਾਵਤ ਹੋਏ ਸਨ। ਹੁਣ ਨਰਮੇ ਦੀ ਫ਼ਸਲ ਲੈਣ ਦਾ ਸਮਾਂ ਸੀ ਪਰ ਨਰਮੇ ਦਾ ਝਾੜ ਘੱਟ ਨਿਕਲਣ ਕਰ ਕੇ ਕਿਸਾਨਾਂ ਦੇ ਚਿਹਰਿਆਂ 'ਤੇ ਮਾਯੂਸੀ ਦੇਖਣ ਨੂੰ ਮਿਲੀ ਹੈ।