ਪੰਜਾਬ ਵਿੱਚ ਖ਼ਤਮ ਹੋ ਗਿਐ ਆਮ ਆਦਮੀ ਪਾਰਟੀ ਦਾ ਵਜੂਦ: ਨਵਜੋਤ ਕੌਰ
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਗਿੱਦੜਬਾਹਾ ਦੇ ਪਿੰਡ ਛਤਿਆਣਾ ਵਿਖੇ ਪੰਜਾਬੀ ਏਕਤਾ ਪਾਰਟੀ ਵਲੋਂ ਪਿੰਡ ਪੱਧਰ 'ਤੇ ਬੈਠਕ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਆਗੂਆਂ ਵਲੋਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਦਾ ਸਾਥ ਦੇਣ ਅਤੇ ਵੱਧ ਤੋਂ ਵੱਧ ਪਾਰਟੀ ਨਾਲ ਜੁੜਨ ਦੀ ਅਪੀਲ ਕੀਤੀ।
ਇਸ ਬੈਠਕ ਵਿੱਚ ਪੁੱਜੀ ਨਵਜੋਤ ਕੌਰ ਲੰਬੀ ਨੇ ਕਿਹਾ ਕਿ 70 ਸਾਲਾਂ ਵਿੱਚ ਦੋਹਾਂ ਪਾਰਟੀਆਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਤੇ ਪੰਜਾਬ ਦੇ ਲੀਡਰਾਂ ਨੇ ਲੋਕਾਂ ਵਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੈਨਸ਼ਨ ਦੇਣ ਅਤੇ ਨਸ਼ਾ ਖ਼ਤਮ ਕਰਨ ਵਰਗੇ ਕਈ ਦਾਅਵੇ ਕੀਤੇ ਸਨ ਪਰ ਅਜਿਹਾ ਕੁਝ ਨਹੀਂ ਹੋਇਆ। ਇਨ੍ਹਾਂ ਦੇ ਲੀਡਰ ਹੀ ਮੌਜੂਦਾ ਸਰਕਾਰ ਦੀ ਪੋਲ ਖੋਲ੍ਹ ਰਹੇ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਵਜੂਦ ਹੀ ਖ਼ਤਮ ਹੋ ਗਿਆ ਹੈ।
ਇਸ ਦੇ ਨਾਲ ਹੀ ਲੰਬੀ ਨੇ ਮੋਦੀ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਵਿੱਚ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੇਣ ਦੀ ਗੱਲ 'ਤੇ ਬੋਲਦਿਆਂ ਕਿਹਾ ਕਿ ਇੰਨੇ ਪੈਸੇ ਤਾਂ ਕਿਸਾਨ ਖ਼ੁਦ ਕਮਾਂ ਸਕਦਾ ਹੈ। ਇਸ ਤੋਂ ਇਲਾਵਾ ਮਾਸਟਰ ਬਲਦੇਵ ਸਿੰਘ ਜੈਤੋ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਭਗਵੰਤ ਮਾਨ ਦੀ ਬਿਲਕੁਲ ਨਹੀਂ ਚਲਦੀ। ਉਨ੍ਹਾਂ ਕਿਹਾ, 'ਮੈਂ ਪੰਜਾਬ ਦੇ ਲੋਕਾਂ ਦੀ ਗਲ ਕਰਾਂਗਾ , ਪਰ ਮੈਂ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਚਮਚਾਗਿਰੀ ਨਹੀਂ ਕਰਾਂਗਾ।' ਬਲਦੇਵ ਸਿੰਘ ਨੇ ਕਿਹਾ ਕਿ ਉਹ ਸਿਰਫ਼ ਲੋਕਾਂ ਲਈ ਲੜਨਗੇ ਉਨ੍ਹਾਂ ਨੂੰ ਆਪਣੇ ਅਹੁਦੇ ਦੀ ਕੋਈ ਪਰਵਾਹ ਨਹੀਂ ਹੈ।