ਸ੍ਰੀ ਮੁਕਤਸਰ ਸਾਹਿਬ : ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾਣ ਵਾਲੀ ਹਾਈਵੇ ਰੋਡ ਦੀ ਖ਼ਰਾਬ ਹਾਲਤ ਕਾਰਨ ਸਥਾਨਕ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ।
ਖ਼ਰਾਬ ਸੜਕਾਂ ਤੋਂ ਪਰੇਸ਼ਾਨ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ - Distric addministration
ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾਣ ਵਾਲੀ ਹਾਈਵੇ ਰੋਡ ਦੀ ਖ਼ਰਾਬ ਹਾਲਤ ਕਾਰਨ ਸਥਾਨਕ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਚਲਦੇ ਸਥਾਨਕ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਵੱਲੋਂ ਜਲਦ ਤੋਂ ਜਲਦ ਇਸ ਨਵੀਂ ਸੜਕ ਉਸਾਰੀ ਦੀ ਮੰਗ ਕੀਤੀ ਗਈ ਹੈ।
ਇੱਕ ਸਮਾਜ ਸੇਵੀ ਸੰਸਥਾ ਅਤੇ ਹੋਰ ਸਥਾਨਕ ਲੋਕਾਂ ਵੱਲੋਂ ਇਹ ਧਰਨਾ ਸ਼ਾਂਤਮਈ ਤਰੀਕੇ ਨਾਲ ਦਿੱਤਾ ਗਿਆ। ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਲੋਟ ਦੀ ਇਹ ਮੁੱਖ ਸੜਕ ਸ੍ਰੀ ਮੁਕਤਸਰ ਸਾਹਿਬ ਨੂੰ ਜਾਂਦੀ ਹੈ। ਇਹ ਸੜਕ ਮਲੋਟ ਨੂੰ ਹੋਰਨਾਂ ਸੂਬਿਆਂ ਨੂੰ ਵੀ ਜੋੜਦੀ ਹੈ ਪਰ ਸੜਕ ਦੀ ਹਾਲਤ ਬੇਹਦ ਖ਼ਰਾਬ ਹੈ। ਸੜਕ ਵਿੱਚ ਵੱਡੇ -ਵੱਡੇ ਟੋਏ ਪਏ ਹੋਏ ਹਨ। ਇਸ ਕਾਰਨ ਆਏ ਦਿਨ ਸੜਕ ਹਾਦਸੇ ਵਾਪਰਦੇ ਹਨ ਅਤੇ ਲੋਕਾਂ ਨੂੰ ਸੱਟ ਲੱਗ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਲੋਟ ਤੋਂ ਜਾਂਦੀ ਇਸ ਸਿੱਧੀ ਸੜਕ ਰਾਹੀਂ ਸ੍ਰੀ ਮੁਕਤਸਰ ਸਾਹਿਬ ਜਾਣ ਲਈ ਸਿਰਫ਼ 15 ਤੋਂ 20 ਮਿੰਨਟ ਲਗਦੇ ਹਨ ਪਰ ਖ਼ਰਾਬ ਅਤੇ ਟੁੱਟੀ ਹੋਈ ਸੜਕ ਕਾਰਨ ਹੁਣ 45 ਮਿੰਨਟ ਤੋਂ ਵੱਧ ਦਾ ਸਮਾਂ ਲਗਦਾ ਹੈ। ਮੀਂਹ ਦੇ ਮੌਸਮ ਵਿੱਚ ਸੜਕ ਉੱਤੇ ਪਾਣੀ ਭਰ ਜਾਂਦਾ ਹੈ ਜਿਸ ਨਾਲ ਜਾਨੀ ਨੁਕਸਾਨ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਸਥਾਨਕ ਲੋਕਾਂ ਵੱਲੋਂ ਸਰਕਾਰ ਕੋਲੋਂ ਜਲਦ ਤੋਂ ਜਲਦ ਇਸ ਸੜਕ ਨੂੰ ਨਵੇਂ ਸਿਰੇ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ।
ਇਸ ਮਾਮਲੇ ਬਾਰੇ ਜਦ ਜ਼ਿਲ੍ਹੇ ਦੇ ਏਡੀਸੀ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਤਿਆਰ ਕੀਤੇ ਜਾਣ ਦਾ ਕੰਮ ਜਾਰੀ ਸੀ ਪਰ ਚੋਣ ਜ਼ਾਬਤੇ ਕਾਰਨ ਇਸ ਨੂੰ ਰੋਕ ਦਿੱਤਾ ਗਿਆ। ਹੁਣ ਸੜਕ ਨੂੰ ਠੀਕ ਕੀਤੇ ਜਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।