ਸ੍ਰੀ ਮੁਕਤਸਰ ਸਾਹਿਬ: ਥਾਂਦੇਵਾਲਾ ਰੋਡ ਦੇ ਨਿਵਾਸੀ ਪਿਛਲੇ ਲੰਮੇ ਸਮੇਂ ਤੋਂ ਹੀ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੀ ਹਰ ਗਲੀ ਅਤੇ ਮਹੱਲੇ ਵਿੱਚ ਸੀਵਰੇਜ ਦਾ ਪਾਣੀ ਭਰਿਆ ਹੋਇਆ ਹੈ ਪਰ ਉਸ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਕਾਰਨ ਉਹ ਬਦਬੂ ਭਰੇ ਮਾਹੌਲ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਨ। ਬਦਬੂ ਦੀ ਸਮੱਸਿਆ ਦੇ ਨਾਲ-ਨਾਲ ਖੜ੍ਹੇ ਪਾਣੀ 'ਤੇ ਮੱਛਰ ਵੀ ਪੈਦਾ ਹੋ ਰਿਹਾ ਹੈ ਜਿਸ ਕਾਰਨ ਲੋਕਾਂ ਲਈ ਬੀਮਾਰੀਆਂ ਦਾ ਖ਼ਤਰਾ ਬਣਿਆ ਹੋਇਆ ਹੈ।
ਥਾਂਦੇਵਾਲਾ ਰੋਡ ਦੇ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਆਪਣੀ ਭੜਾਸ ਕੱਢੀ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੀਵਰੇਜ ਵਿਭਾਗ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਸਮੱਸਿਆ ਦਾ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਹੋ ਰਿਹਾ ਹੈ। ਇਸ ਪਾਣੀ ਦੇ ਕਾਰਨ ਲੋਕਾਂ ਨੂੰ ਬੀਮਾਰੀਆਂ ਲੱਗ ਰਹੀਆਂ ਹਨ। ਉਨ੍ਹਾਂ ਵੱਲੋਂ ਬਹੁਤ ਵਾਰ ਪ੍ਰਸ਼ਾਸਨ ਦੇ ਦਫ਼ਤਰਾਂ ਵਿੱਚ ਚੱਕਰ ਕੱਟੇ ਜਾ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੈ ਹੋ ਰਹੀ। ਮੁਹੱਲਾ ਵਾਸੀਆਂ ਨੇ ਕਿਹਾ ਕਿ ਬੱਚੇ ਵੀ ਇਸ ਗੰਦਗੀ ਕਾਰਮ ਬਿਮਾਰ ਹੋ ਰਹੇ ਹਨ।