ਪੰਜਾਬ

punjab

ETV Bharat / state

ਮੁਕਤਸਰ ਦੀ ਮਾਘੀ: ਖਿਦਰਾਣੇ ਦੀ ਢਾਬ ਵਜੋਂ ਜਾਣੀ ਜਾਂਦੀ ਇਹ ਧਰਤੀ ਕਿਵੇਂ ਬਣੀ ਸ੍ਰੀ ਮੁਕਤਸਰ ਸਾਹਿਬ, ਜਾਣੋ ਇਤਿਹਾਸ - ਮੁਕਤਸਰ ਦੀ ਮਾਘੀ

40 ਮੁਕਤਿਆਂ ਦੀ ਇਸ ਪਵਿੱਤਰ ਧਰਤੀ ਉੱਤੇ ਮਾਘੀ (Uttarayan) ਦੇ ਸ਼ੁੱਭ ਦਿਹਾੜੇ ’ਤੇ ਦੂਰ ਦਰਾਡੇ ਤੋਂ ਲੱਖਾਂ ਦੀ ਗਿਣਤੀ ਸ਼ਰਧਾਲੂ ਇਥੇਂ ਬਣੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਕੇ ਆਪਣਾ ਜੀਵਨ ਸਫ਼ਲਾ ਕਰਦੇ ਹਨ। ਇਹ ਉਹ ਪਵਿੱਤਰ ਸਥਾਨ (Maghi or Makar Sankranti In Punjab) ਹੈ, ਜਿੱਥੇ ਗੁਰੂ ਜੀ ਦੀ ਕਿਰਪਾ ਨਾਲ ਬੇਦਾਵਾ ਦੇ ਕੇ ਆਏ ਸਿੱਖਾਂ ਦੀ ਵੀ ਟੁੱਟੀ ਗੰਢੀ ਗਈ ਸੀ। ਆਓ ਜਾਣਦੇ ਹਾਂ ਇਸ ਥਾਂ ਦਾ ਇਤਿਹਾਸ।

Makar Sankranti, Uttarayan, Maghi, History of Sri Mukatsar Sahib
History of Sri Mukatsar Sahib

By

Published : Jan 12, 2023, 1:48 PM IST

Updated : Jan 14, 2023, 11:10 AM IST

ਮੁਕਤਸਰ ਦੀ ਮਾਘੀ

ਸ੍ਰੀ ਮੁਕਤਸਰ ਸਾਹਿਬ: ਪਹਿਲਾ ਖਿਦਰਾਣਾ ਵਜੋਂ ਜਾਣੀ ਜਾਂਦੀ ਇਹ ਧਰਤੀ ਕਿਵੇਂ ਸ੍ਰੀ ਮੁਕਤਸਰ ਸਾਹਿਬ ਬਣੀ, ਅੱਜ ਇਸ ਇਤਿਹਾਸ ਬਾਰੇ ਜਾਣੂ ਹੋਵਾਂਗੇ। ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਗੱਲ ਕਰਾਂਗੇ ਇਸ ਪਵਿੱਤਰ ਥਾਂ ਬਣੇ ਇਤਿਹਾਸਿਕ ਗੁਰਦੁਆਰਿਆਂ ਦੀ ਅਤੇ ਇਸ ਨਾਲ ਸਬੰਧਤ ਇਤਿਹਾਸ ਬਾਰੇ।


ਖਿਦਰਾਣਾ ਤੋਂ ਸ੍ਰੀ ਮੁਕਤਸਰ ਸਾਹਿਬ ਬਣੇ ਸ਼ਹਿਰ ਦਾ ਇਤਿਹਾਸ: ਬੀਤੇ ਸਮੇਂ ਦੌਰਾਨ ਮੁਕਤਸਰ ਤੋਂ ਸ੍ਰੀ ਮੁਕਤਸਰ ਸਾਹਿਬ ਬਣੇ ਇਸ ਇਤਿਹਾਸਕ ਸ਼ਹਿਰ ਦਾ ਪਹਿਲਾ ਨਾਮ ਖਿਦਰਾਣਾ ਸੀ ਅਤੇ ਇਸ ਜਗ੍ਹਾ ’ਤੇ ਖਿਦਰਾਣੇ ਦੀ ਢਾਬ ਸੀ। ਇਹ ਇਲਾਕਾ ਜੰਗਲੀ ਹੋਣ ਕਰਕੇ ਇੱਥੇ ਅਕਸਰ ਪਾਣੀ ਦੀ ਘਾਟ ਰਹਿੰਦੀ ਸੀ। ਪਾਣੀ ਦੀ ਧਰਤੀ ਹੇਠਲੀ ਸਤ੍ਹਾ ਬਹੁਤ ਜ਼ਿਆਦਾ ਨੀਵੀਂ ਹੋਣ ਕਰਕੇ ਜੇਕਰ ਕੋਈ ਯਤਨ ਕਰਕੇ ਖੂਹ ਆਦਿ ਲਾਉਣ ਦਾ ਉਪਰਾਲਾ ਵੀ ਕਰਦਾ, ਤਾਂ ਥਲਿਓਂ ਪਾਣੀ ਹੀ ਇੰਨਾ ਖਾਰਾ ਨਿਕਲਦਾ ਕਿ ਉਹ ਪੀਣ ਯੋਗ ਨਾ ਹੁੰਦਾ। ਇਸ ਲਈ ਇੱਥੇ ਇੱਕ ਢਾਬ ਖੁਦਵਾਈ ਗਈ, ਜਿਸ ਵਿੱਚ ਬਰਸਾਤ ਦਾ ਪਾਣੀ ਜਮ੍ਹਾ ਕੀਤਾ ਜਾਂਦਾ ਸੀ। ਇਸ ਢਾਬ ਦਾ ਮਾਲਕ ਖਿਦਰਾਣਾ ਸੀ, ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਜਲਾਲਾਬਾਦ ਦਾ ਵਸਨੀਕ ਸੀ। ਇਸ ਕਰਕੇ ਇਸ ਦਾ ਨਾਮ ਖਿਦਰਾਣੇ ਦੀ ਢਾਬ ਮਸ਼ਹੂਰ ਸੀ।


ਦਮਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਅੰਤਿਮ ਜੰਗ ਇੱਥੇ ਹੋਈ:ਇਸ ਖਿਦਰਾਣੇ ਦੀ ਢਾਬ ’ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਹਕੂਮਤ ਵਿਰੁੱਧ ਆਪਣੀ ਅੰਤਿਮ ਜੰਗ ਲੜੀ, ਜਿਸ ਨੂੰ ਖਿਦਰਾਣੇ ਦੀ ਜੰਗ ਕਿਹਾ ਜਾਂਦਾ ਹੈ। ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1705 ਈਂ ਵਿੱਚ ਧਰਮ ਯੁੱਧ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਤਾਂ ਉਨ੍ਹਾਂ ਨੇ ਦੁਸ਼ਮਣਾਂ ਦੀਆਂ ਫੌਜਾਂ ਨਾਲ ਜੰਗ ਕਰਦੇ ਵੱਖ-ਵੱਖ ਥਾਵਾਂ ਵਿੱਚ ਦੀ ਹੁੰਦੇ ਹੋਏ ਮਾਲਵੇ ਦੀ ਧਰਤੀ ਵੱਲ ਰੁਖ ਕੀਤਾ।


40 ਮੁਕਤਿਆ ਨੇ ਸਾਂਭਿਆ ਮੋਰਚਾ: ਪਹੁੰਚ ਕੇ ਗੁਰੂ ਜੀ ਨੇ ਚੌਧਰੀ ਕਪੂਰੇ ਪਾਸੋਂ ਕਿਲੇ ਦੀ ਮੰਗ ਕੀਤੀ, ਪਰ ਮੁਗਲ ਹਕੂਮਤ ਦੇ ਡਰ ਤੋਂ ਚੌਧਰੀ ਕਪੂਰੇ ਨੇ ਕਿਲ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾਏ ਅਤੇ ਖਿਦਰਾਣੇ ਦੀ ਢਾਬ ਉੱਤੇ ਜਾ ਪਹੁੰਚੇ। ਗੁਰੂ ਜੀ ਖਿਦਰਾਣੇ ਅਜੇ ਪਹੁੰਚੇ ਹੀ ਸਨ ਕਿ ਦੁਸ਼ਮਣ ਦੀਆਂ ਫੌਜਾਂ ਸਰਹੰਦ ਦੇ ਸੂਬੇਦਾਰ ਦੀ ਕਮਾਨ ਹੇਠ ਇੱਥੇ ਪਹੁੰਚ ਗਈਆਂ। ਗੁਰੂ ਜੀ ਅਤੇ ਉਨ੍ਹਾਂ ਦੇ 40 ਮਹਾਨ ਸਿੱਖ ਯੋਧਿਆਂ ਜੋ ਕਦੇ ਬੇਦਾਵਾ ਦੇ ਗਏ ਸਨ, ਨੇ ਗੁਰੂ ਜੀ ਨਾਲ ਮਿਲ ਕੇ ਖਿਦਰਾਣੇ ਦੀ ਢਾਬ ’ਤੇ ਮੋਰਚੇ ਕਾਇਮ ਕਰ ਲਏ। ਖਿਦਰਾਣੇ ਦੀ ਢਾਬ ਇਸ ਸਮੇਂ ਸੁੱਕੀ ਪਈ ਸੀ। ਇਸ ਦੇ ਆਲੇ-ਦੁਆਲੇ ਝਾੜ ਉੱਗੇ ਹੋਏ ਸਨ। ਸਿੰਘਾਂ ਨੇ ਝਾੜਾਂ ਦਾ ਆਸਰਾ ਲਿਆ ਅਤੇ ਮੁਗਲ ਸਿਪਾਹੀਆਂ ਦੀ ਆਉਂਦੀ ਫੌਜ ਉੱਤੇ ਇੱਕ ਦਮ ਬਾਜਾਂ ਵਾਂਗ ਝਪਟ ਪਏ।


ਇਸੇ ਥਾਂ ਉੱਤੇ ਗੁਰੂ ਜੀ ਨੇ ਫਾੜ੍ਹਿਆ ਸੀ ਬੇਦਾਵਾ:ਇਹ ਲੜਾਈ 21 ਵਿਸਾਖ ਸੰਮਤ 1762 ਬਿਕਰਮੀ ਨੂੰ ਹੋਈ ਸੀ। ਲੜਾਈ ਦੌਰਾਨ ਸਿੱਖ ਫੌਜਾਂ ਦੀ ਬਹਾਦਰੀ ਵੇਖ ਮੁਗਲ ਫੌਜਾਂ ਜੰਗ ਦੇ ਮੈਦਾਨ ’ਚੋਂ ਭੱਜ ਗਈਆਂ। ਇਸ ਜੰਗ ’ਚ ਮੁਗਲ ਫੌਜ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ ਅਤੇ ਗੁਰੂ ਜੀ ਦੇ ਵੀ ਕਈ ਸਿੰਘ ਸ਼ਹੀਦ ਹੋ ਗਏ। ਇਸੇ ਜਗ੍ਹਾਂ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਜੀ, ਜੋ ਆਪਣੇ ਸਾਥੀਆਂ ਸਮੇਤ ਆਨੰਦਪੁਰ ਵਿਖੇ ਬੇਦਾਵਾ ਦੇ ਆਏ ਸਨ, ਉਸ ਬੇਦਾਵੇ ਨੂੰ ਪਾੜ ਕੇ ਬੇਦਾਵਈਏ ਸਿੰਘਾਂ ਨੂੰ ਮੁਕਤ ਕੀਤਾ ਅਤੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ’ਚ ਲੈ ਕੇ ਬੇਦਾਵਾ ਪਾੜ ਦਿੱਤਾ। ਭਾਈ ਮਹਾਂ ਸਿੰਘ ਜੀ ਨੇ ਇਸੇ ਜਗ੍ਹਾ ’ਤੇ ਸ਼ਹੀਦੀ ਪ੍ਰਾਪਤ ਕੀਤੀ।


ਮਾਤਾ ਭਾਗ ਕੌਰ ਦੀ ਬਹਾਦਰੀ: ਇਸ ਜੰਗ ਵਿੱਚ ਮਾਤਾ ਭਾਗ ਕੌਰ ਨੇ ਵੀ ਜੌਹਰ ਵਿਖਾਏ ਅਤੇ ਜ਼ਖ਼ਮੀ ਹੋਏ, ਜਿੰਨ੍ਹਾਂ ਦੀ ਮੱਲ੍ਹਮ ਪੱਟੀ ਗੁਰੂ ਜੀ ਨੇ ਆਪਣੇ ਹੱਥੀ ਕੀਤੀ ਅਤੇ ਤੰਦਰੁਸਤ ਹੋਣ ਉਪਰੰਤ ਖਾਲਸਾ ਦਲ ’ਚ ਸ਼ਾਮਲ ਕਰ ਲਿਆ।

ਇਤਿਹਾਸਕ ਗੁਰਦੁਆਰਾ ਟੁੱਟੀ ਗੰਢੀ ਸਾਹਿਬ:ਇਸ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ਵਿੱਚ ਲੈ ਕੇ ਭਾਈ ਮਹਾਂ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਆਨੰਦਪੁਰ ਵਿਖੇ ਦਿੱਤਾ ਬੇਦਾਵਾ ਪਾੜ ਕੇ ਉਨ੍ਹਾਂ ਦੀ ਗੁਰੂ ਨਾਲ ਟੁੱਟੀ ਗੰਢੀ ਮੁੜ ਜੁੜ ਗਈ ਸੀ। ਇਸੇ ਕਾਰਨ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ।

ਗੁਰਦੁਆਰਾ ਸ਼ਹੀਦ ਗੰਜ ਸਾਹਿਬ: ਇਸ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਲਾਕੇ ਦੇ ਸਿੱਖਾਂ ਦੀ ਮਦਦ ਨਾਲ ਮੁਗਲਾਂ ਨਾਲ ਜੰਗ ਕਰਦਿਆਂ ਸ਼ਹੀਦ ਹੋਏ 40 ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ਸੀ। ਇਸ ਕਾਰਨ ਇਸਦਾ ਨਾਮ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪ੍ਰਸਿੱਧ ਹੈ। ਆਓ ਇਸ ਪਵਿੱਤਰ ਦਿਹਾੜੇ ’ਤੇ ਅਸੀ ਵੀ ਅਰਦਾਸ ਕਰੀਏ ਕਿ ‘ਟੁੱਟੀਆਂ ਗੰਢਣ ਵਾਲਿਆਂ ਸਾਨੂੰ ਗੰਢ ਕੇ ਰੱਖੀ।’




ਇਹ ਵੀ ਪੜ੍ਹੋ:ਕੀ ਤੁਸੀਂ ਵੀ ਸੁਣੀਆਂ ਨੇ ਲੋਹੜੀ ਮੌਕੇ ਦੀਆਂ ਇਹ ਰਸਮਾਂ, ਮਕਰ ਸੰਕਰਾਂਤੀ ਦਾ ਵੀ ਪੜ੍ਹੋ ਕੀ ਹੈ ਇਤਿਹਾਸ

Last Updated : Jan 14, 2023, 11:10 AM IST

ABOUT THE AUTHOR

...view details