ਸ੍ਰੀ ਮੁਕਤਸਰ ਸਾਹਿਬ: ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਐੱਸ.ਐੱਮ.ਓ. ਡਾ. ਪ੍ਰਦੀਪ ਸਚਦੇਵਾ ਦੀ ਅਗਵਾਈ ਹੇਠ ਚੱਲ ਰਹੇ ਓਟ ਕਲੀਨਿਕ ਵਿੱਚ ਦਵਾਈ ਲੈਣ ਵਾਲੇ ਮਰੀਜਾਂ ਦੀ ਨਵੀਂ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ।
ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਮ.ਓ. ਡਾ. ਪ੍ਰਦੀਪ ਸਚਦੇਵਾ ਨੇ ਦੱਸਿਆ ਕਿ ਹਸਪਤਾਲ ਵਿੱਚ ਚੱਲ ਰਹੇ ਓਟ ਕਲੀਨਿਕ ਵਿੱਚ ਪਹਿਲਾਂ ਹੀ 1,000 ਦੇ ਕਰੀਬ ਮਰੀਜਾਂ ਦੀ ਰਜਿਟ੍ਰੇਸ਼ਨ ਹੋ ਚੁੱਕੀ ਹੈ ਅਤੇ ਰੋਜ਼ਾਨਾ ਕਰੀਬ 500 ਤੋਂ 600 ਮਰੀਜ ਓਟ ਕਲੀਨਿਕ ਤੋਂ ਦਵਾਈ ਲੈ ਕੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਰੀਜਾਂ ਦੀ ਇੰਨੀ ਜਿਆਦਾ ਗਿਣਤੀ ਕਾਰਨ ਉਹ ਨਵੇਂ ਮਰੀਜਾਂ ਦੀ ਰਜਿਸਟਰੇਸ਼ਨ ਨਹੀਂ ਕਰ ਪਾਉਂਦੇ ਸਨ। ਇਸ ਦੇ ਚੱਲਦਿਆਂ ਹੁਣ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਐੱਮ.ਕੇ. ਅਰਾਵਿੰਦ ਕੁਮਾਰ ਅਤੇ ਸਿਵਲ ਸਰਜਨ ਡਾ. ਨਵਦੀਪ ਸਿੰਘ ਵੱਲੋਂ ਗਿੱਦੜਬਾਹਾ ਦੀ ਸਮਾਜਸੇਵੀ ਸੰਸੰਥਾ ਨਸ਼ਾ ਰੋਕੂ ਨਿਗਰਾਨ ਕਮੇਟੀ ਦੀ ਮਦਦ ਨਾਲ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀਆਂ ਦੀ ਰਜਿਟ੍ਰੇਸ਼ਨ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਅੱਜ ਕਮੇਟੀ ਦੇ ਕੋਆਡੀਟੇਟਰ ਪ੍ਰਵੀਨ ਬਾਂਸਲ ਅਤੇ ਰਣਜੀਤ ਗਿੱਲ ਗੁਰੂਸਰ ਵੱਲੋਂ ਕੁੱਲ 110 ਮਰੀਜਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਅਤੇ ਇਸ ਵਿਚੋਂ ਅੱਜ 25 ਮਰੀਜਾਂ ਦੀ ਰਜਿਟ੍ਰੇਸ਼ਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਕੰਮ ਲਈ ਫਿਲਹਾਲ ਮਨੋਵਿਗਿਆਨੀ ਡਾ. ਰਾਹੁਲ ਜਿੰਦਲ ਦੀ ਡਿਊਟੀ ਲਗਾਉਣ ਦੇ ਨਾਲ ਨਾਲ ਇਕ ਕਾਊਂਸਲਰ ਵੀ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਮਰੀਜ ਦੇ ਡੋਪ ਟੈਸਟ ਹੋਣਗੇ, ਫਿਰ ਕਾਊਂਸਲਰ ਵੱਲੋਂ ਮਰੀਜ ਦੀ ਕਾਊਂਸਲਿੰਗ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਮਨੋਵਿਗਿਆਨੀ ਡਾ. ਰਾਹੁਤ ਜਿੰਦਲ ਵੱਲੋਂ ਰਿਪੋਰਟਾਂ ਦੇ ਆਧਾਰ ਤੇ ਮਰੀਜ ਦੀ ਦਵਾਈ ਦੀ ਡੋਜ਼ ਨਿਰਧਾਰਿਤ ਕੀਤੀ ਜਾਵੇਗੀ, ਤਾਂ ਜੋ ਨਸ਼ੇ ਦੇ ਆਦੀ ਹੋ ਚੁੱਕੇ ਲੋਕ ਜਲਦੀ ਤੋਂ ਜਲਦੀ ਨਸ਼ਾ ਛੱਡ ਸਕਣ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਸਿਵਲ ਸਰਜਨ ਡਾ. ਨਵਦੀਪ ਸਿੰਘ ਵੱਲੋਂ ਮਰੀਜਾਂ ਦੇ ਡੋਪ ਟੈਸਟ ਤੋਂ ਇਲਾਵਾ ਹੋਣ ਵਾਲੇ ਵਾਈਰਲ ਟੈਸਟ ਲਈ ਵੀ ਪ੍ਰਾਈਵੇਟ ਤੌਰ ਤੇ ਲੈਬ ਟੈਕਨੀਸ਼ੀਅਨ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਮੌਕੇ ਮਨੋਵਿਗਿਆਨੀ ਡਾ. ਰਾਹੁਲ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਨਸ਼ੇ ਦਾ ਆਦੀ ਮਰੀਜ ਘੱਟ ਤੋਂ ਘੱਟ ਦਵਾਈ ਲਵੇ, ਤਾਂ ਜੋ ਭਵਿੱਖ ਵਿਚ ਉਹ ਨਸ਼ਾ ਛੱਡਣ ਦੇ ਨਾਲ ਨਾਲ ਇਸ ਨੂੰ ਛੱਡਣ ਲਈ ਦਿੱਤੀ ਜਾਣ ਵਾਲੀ ਉਕਤ ਦਵਾਈ ਦਾ ਆਦੀ ਨਾ ਹੋ ਸਕੇ।
ਇਸ ਮੌਕੇ ਕਮੇਟੀ ਕੋਆਡੀਨੇਟਰ ਪ੍ਰਵੀਨ ਬਾਂਸਲ ਤੇ ਰਣਜੀਤ ਗਿੱਲ ਗੁਰੂਸਰ ਨੇ ਕਿਹਾ ਕਿ ਉਨ੍ਹਾਂ ਦੀ ਕਮੇਟੀ ਲਗਾਤਾਰ ਉਨ੍ਹਾਂ ਲੋਕਾਂ ਦੀਆਂ ਲਿਸਟਾਂ ਤਿਆਰ ਕਰ ਰਹੀ ਹੈ ਜੋ ਨਸ਼ੇ ਦੀ ਗ੍ਰਿਫ਼ਤ ਵਿਚ ਆ ਚੁੱਕੇ ਹਨ ਅਤੇ ਇੰਨਾਂ ਲਿਸਟਡ ਮਰੀਜਾਂ ਨੂੰ ਜਲਦੀ ਹੀ ਓਟ ਕਲੀਨਿਕ ਵਿਖੇ ਰਜਿਟਰਡ ਕਰਵਾ ਕੇ ਇੰਨਾਂ ਦੀ ਦਵਾਈ ਸ਼ੁਰੂ ਕਰਵਾਈ ਜਾਵੇਗੀ।