ਸ੍ਰੀ ਮੁਕਤਸਰ ਸਾਹਿਬ: ਪਿਛਲੇ ਦਿਨੀ ਹੋਏ ਅੰਨੇ ਕਤਲ ਦੀ ਗੁੱਥੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸੁਲਝਾ ਲਿਆ ਹੈ। ਬੀਤੀ 11 ਤਰੀਕ ਨੂੰ ਕਸ਼ਮੀਰ ਸਿੰਘ ਆਪਣੇ ਘਰ(ਪਿੰਡ ਲੰਬੀ) ਤੋਂ ਪਿੰਡ ਅਰਨੀਵਾਲਾ ਵਜੀਰਾ ਆਪਣੇ ਲੜਕੇ ਸਤਨਾਮ ਸਿੰਘ ਕੋਲ ਗਿਆ ਸੀ, ਪਰ ਘਰ ਵਾਪਸ ਨਹੀਂ ਪਰਤਿਆ। ਇਸ ਦੀ ਇਤਲਾਹ ਪਰਿਵਾਰ ਨੇ ਪੁਲਿਸ ਥਾਣੇ ਦਿੱਤੀ ਸੀ। ਮੁਕਤਸਰ ਪੁਲਿਸ ਨੇ 12 ਤਰੀਕ ਨੂੰ ਗੁੰਮਸ਼ੁਦਗੀ ਸਬੰਧੀ ਪੜਤਾਲ ਸ਼ੁਰੂ ਕੀਤੀ ਅਤੇ 15 ਤਰੀਕ ਨੂੰ ਗੁੰਮਸ਼ੁਦਾ ਕਸ਼ਮੀਰ ਸਿੰਘ ਦੀ ਲਾਸ਼ ਸੇਮ ਨਾਲਾ ਪਿੰਡ ਮੋਢੀ ਖੇੜਾ ਤੋਂ ਬਰਾਮਦ ਕੀਤੀ। ਪੋਸਟਮਾਰਟਮ ਦੀ ਰਿਪੋਰਟ 'ਚ ਕਸ਼ਮੀਰ ਸਿੰਘ ਦਾ ਕਤਲ ਕੀਤੇ ਜਾਣ ਅਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ। ਜਿਸ ਤੋਂ ਬਾਅਦ ਪੁਲਿਸ ਨੇ ਡੂੰਘਾਈ ਨਾਲ ਤਫਤੀਸ਼ ਕੀਤੀ।
ਲੰਬੀ ਕਤਲ ਮਾਮਲਾ: ਬੇਟਾ ਹੀ ਨਿਕਲਿਆ ਪਿਓ ਦਾ ਕਾਤਲ
ਲੰਬੀ ਤੋਂ ਆਪਣੇ ਬੇਟੇ ਨੂੰ ਮਿਲਨ ਅਰਨੀਵਾਲਾ ਵਜੀਰਾ ਗਏ ਬਾਪ ਦਾ ਉਸ ਦੇ ਬੇਟੇ ਨੇ ਹੀ ਆਪਣੇ 2 ਸਾਥਿਆਂ ਨਾਲ ਮਿਲ ਕੇ ਕਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਬੇਟੇ ਅਤੇ ਉਸ ਦੇ ਸਾਥਿਆਂ ਨੂੰ ਕਾਬੂ ਕਰ ਲਿਆ ਹੈ।
ਪੁਲਿਸ ਮੁਤਾਬਕ ਕਸ਼ਮੀਰ ਸਿੰਘ ਦਾ ਕਤਲ ਉਸ ਦੇ ਬੇਟੇ ਸਤਨਾਮ ਸਿੰਘ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾਂ ਪੁਲਿਸ ਮੁਖੀ ਮਨਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਮ੍ਰਿਤਕ ਕਸ਼ਮੀਰ ਸਿੰਘ ਦੇ ਬੇਟੇ ਸਤਨਾਮ ਸਿੰਘ ਅਤੇ ਉਸ ਦੇ ਦੋਵਾਂ ਸਾਥਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ 32 ਬੋਰ ਰਿਵਾਲਵਰ, 2 ਖੋਲ ਕਾਰਤੂਸ, 2 ਜਿੰਦਾ ਕਾਰਤੂਸ ਅਤੇ ਉਹ ਮੰਜਾ ਜਿਸ ਉਪਰ ਮ੍ਰਿਤਕ ਕਸ਼ਮੀਰ ਸਿੰਘ ਦਾ ਕਤਲ ਕੀਤਾ ਗਿਆ ਸੀ ਬਰਾਮਦ ਕੀਤਾ ਹੈ।