ਸ੍ਰੀ ਮੁਕਤਸਰ ਸਾਹਿਬ: ਬੀਤੇ ਲੰਮੇਂ ਸਮੇਂ ਤੋਂ ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਪਨਹਾਗਾਹਾਂ ਬਣੀਆਂ ਹੋਈਆਂ ਹਨ ਅਤੇ ਅਜਿਹਾ ਕਿਉਂ ਹੋ ਰਿਹਾ ਇਸ ਸਬੰਧੀ ਖੁਲਾਸੇ ਮਿੰਕਲ ਬਜਾਜ ਨਾਂਅ ਦੇ 10 ਸ਼ਖ਼ਸ ਨੇ ਕੀਤੇ ਹਨ ਜੋ ਖੁਦ ਇੱਕ ਕੇਸ ਦੇ ਸਿਲਸਿਲੇ ਵਿੱਚ 10 ਸਾਲ ਦੀ ਸਜ਼ਾ ਕੱਟ ਚੁੱਕਾ ਹੈ। ਮਿੰਕਲ ਬਜਾਜ ਨੇ ਕਿਹਾ ਕਿ ਜੇਲ੍ਹਾਂ ਵਿਚ ਮੋਬਾਇਲ ਫੜ੍ਹੇ ਜਾਣੇ ਵੱਡਾ ਵਿਸ਼ਾ ਨਹੀਂ ਬਲਕਿ ਜੇਲ੍ਹਾਂ ਵਿੱਚ ਕੁਝ ਹੇਠਲੇ ਪੱਧਰ ਦੇ ਅਧਿਕਾਰੀਆਂ ਦੇ ਕਾਰਨ ਜੋ ਵੱਡਾ ਨੈਟਵਰਕ ਚੱਲ ਰਿਹਾ ਹੈ ਉਹ ਅਸਲ ਚਿੰਤਾ ਦਾ ਵਿਸ਼ਾ ਹੈ। ਦੱਸ ਦਈਏ ਸ਼ਜਾ ਭੁਗਤ ਚੁੱਕੇ ਮਿੰਕਲ ਬਜਾਜ ਹੁਣ ਸਮਾਜ ਸੇਵੀ ਬਣ ਚੁੱਕਿਆ ਹੈ ਅਤੇ ਸਮੇਂ ਸਮੇਂ ਉੱਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਵੱਖ ਵੱਖ ਕਾਰਜਾਂ ਲਈ ਕਈ ਸ਼ਲਾਘਾਯੋਗ ਪੱਤਰ ਮਿਲ ਚੁੱਕੇ ਹਨ।
ਮੋਬਾਇਲ ਫੋਨ ਕੋਈ ਵੱਡਾ ਵਿਸ਼ਾ ਨਹੀਂ: ਮਿੰਕਲ ਬਜਾਜ ਮੁਤਾਬਿਕ ਹੁਣ ਜਦੋਂ ਜੇਲ੍ਹ ਵਿਭਾਗ ਖੁਦ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਤਾਂ ਇਸ ਵਿੱਚ ਸੁਧਾਰ ਦੀ ਵੱਡੀ ਆਸ ਦੇਖੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਜੇਲ੍ਹਾਂ ਸੁਧਾਰ ਘਰ ਨਹੀਂ ਬਲਕਿ ਵਿਗਾੜ ਘਰ ਬਣ ਰਹੀਆਂ ਹਨ। ਉਸ ਨੇ ਅੱਗੇ ਕਿਹਾ ਜੇਲ੍ਹਾਂ ਵਿੱਚ ਚੱਲਦੇ ਨਸ਼ੇ ਕਾਰਨ ਐਚ ਆਈ ਵੀ ਪੀੜਤਾਂ ਦੀ ਗਿਣਤੀ ਜੇਲ੍ਹਾਂ ਅੰਦਰ ਵਧੀ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਜੇਲ੍ਹਾਂ ਵਿਚੋਂ ਫੜ੍ਹੇ ਜਾਂਦੇ ਮੋਬਾਇਲ ਫੋਨ ਦੀਆਂ ਖ਼ਬਰਾਂ ਨਾਲ ਪੰਜਾਬ ਸਰਕਾਰ ਸਿਰਫ਼ ਅਤੇ ਸਿਰਫ਼ ਗੋਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ ਜਦਕਿ ਮੋਬਾਇਲ ਫੋਨ ਕੋਈ ਵੱਡਾ ਵਿਸ਼ਾ ਨਹੀਂ ਕਿਉੰਕਿ ਜੇਲ੍ਹਾ ਅੰਦਰ ਤੋਂ ਕੈਦੀ ਐਸ ਟੀ ਡੀ ਰਾਹੀਂ ਵੀ ਬਾਹਰ ਗੱਲ ਕਰਦੇ ਹਨ।