ਸ੍ਰੀ ਮੁਕਤਸਰ ਸਾਹਿਬ: ਪਿਛਲੇ ਦਿਨੀਂ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਲੈ ਕੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਸ੍ਰੀ ਮੁੱਖ ਸਾਹਿਬ ਦੇ ਪਿੰਡਾਂ ਦੇ ਕਿਸਾਨਾਂ 'ਤੇ ਬਹੁਤ ਸਾਰੇ ਪਰਾਲੀ ਸਾੜਣ ਦੇ ਮਾਮਲੇ ਦਰਜ ਕੀਤੇ ਗਏ। ਇਸਦੇ ਸਬੰਧ ਵਿੱਚ ਭਾਰਤੀ ਕਿਸਾਨ ਸਿੱਧੂਪੁਰ ਏਕਤਾ ਵੱਲੋਂ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ ਗੇਟ ਅੱਗੇ ਪਿਛਲੇ ਕਈ ਦਿਨਾਂ ਤੋਂ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਗਾਇਆ ਗਿਆ ਹੈ ਤਾਂ ਜੋ ਗਰੀਬ ਕਿਸਾਨਾਂ ਅਤੇ ਦੂਸਰੇ ਕਿਸਾਨਾਂ ਤੇ ਪਰਾਲੀ ਸਾੜਨ ਨੂੰ ਲੈ ਕੇ ਕੀਤੇ ਗਏ ਮਾਮਲੇ ਰੱਦ ਕਰਵਾਏ ਜਾ ਸਕਣ।
ਇਸ ਮੌਕੇ ਭਾਰਤੀ ਕਿਸਾਨ ਸਿੱਧੂਪੁਰ ਏਕਤਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਇਸ ਧਰਨੇ ਵਿੱਚ ਕਿਸਾਨਾਂ ਨਾਲ ਬੈਠ ਕੇ ਅੱਗੇ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡਾ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਕਿਸਾਨਾਂ 'ਤੇ ਪਰਾਲੀ ਸਾੜਨ ਨੂੰ ਲੈ ਕੇ ਕੀਤੇ ਗਏ ਮਾਮਲੇ ਰੱਦ ਨਹੀਂ ਕੀਤੇ ਜਾਂਦੇ। ਸਾਡੀ ਮੰਗ ਹੈ ਕਿ ਸਾਨੂੰ ਪਰਾਲੀ ਦੇ ਪ੍ਰਬੰਧਨ ਲਈ ਘੱਟ ਤੋਂ ਘੱਟ 200 ਰੁਪਏ ਪ੍ਰਤੀ ਕੁਇੰਟਲ ਹਰ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ।