ਸ਼੍ਰੀ ਮੁਕਤਸਰ ਸਾਹਿਬ: ਪਿੰਡ ਕਬਰਵਾਲਾ 'ਚ ਦੋ ਸਾਲ ਪਹਿਲਾਂ ਵਿਆਹੀ 29 ਵਰ੍ਹਿਆਂ ਦੀ ਮਨਦੀਪ ਕੌਰ ਦੀ ਜ਼ਹਿਰੀਲੀ ਸਪਰੇਅ ਪੀਣ ਕਾਰਨ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਨੂੰ ਗੰਭੀਰ ਹਾਲਤ 'ਚ ਸ਼ੁੱਕਰਵਾਰ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਨਿਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿੱਥੋਂ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਘਰ ਲੈ ਗਿਆ ਸੀ। ਹਾਲਤ ਜ਼ਿਆਦਾ ਖਰਾਬ ਹੋਣ 'ਤੇ ਉਸ ਨੂੰ ਮੁੜ ਤੋਂ ਹਸਪਤਾਲ ਲਿਆਂਦਾ ਗਿਆ, ਜਿੱਥੇ ਸਵੇਰੇ ਉਸ ਦੀ ਮੌਤ ਹੋ ਗਈ।
ਵਿਆਹੁਤਾ ਮੁਟਿਆਰ ਦੀ ਸਪਰੇਅ ਪੀਣ ਨਾਲ ਮੌਤ, ਪਰਿਵਾਰ ਨੇ ਸਹੁਰਿਆਂ 'ਤੇ ਲਾਏ ਦੋਸ਼ ਮ੍ਰਿਤਕਾ ਦੇ ਪਿਤਾ ਬਲਕਾਰ ਸਿੰਘ ਅਤੇ ਭਰਾ ਸੁਖਜੀਤ ਸਿੰਘ ਨੇ ਮਨਦੀਪ ਦੀ ਮੌਤ ਲਈ ਉਸ ਦੇ ਪਤੀ, ਭਰਜਾਈ ਅਤੇ ਸੱਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਸਵੇਰੇ ਮਨਦੀਪ ਦੀ ਖਰਾਬ ਹਾਲਤ ਬਾਰੇ ਸਹੁਰੇ ਪਰਿਵਾਰ ਨੇ ਫੋਨ ਰਾਹੀਂ ਉਨ੍ਹਾਂ ਨੂੰ ਦੱਸਿਆ, ਜਿਸ 'ਤੇ ਉਹ ਹਸਪਤਾਲ ਪੁੱਜੇ। ਇੱਥੇ ਮਨਦੀਪ ਬੇਹੋਸ਼ ਪਈ ਹੋਈ ਸੀ ਤੇ ਉਸਦੇ ਸਪਰੇਅ ਪੀਣ ਬਾਰੇ ਪਤਾ ਲੱਗ ਰਿਹਾ ਸੀ।
ਜਦੋਂ ਉਨ੍ਹਾਂ ਨੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਪੁੱਛਿਆ ਤਾਂ ਉਨ੍ਹਾਂ ਸਪਰੇਅ ਉਪਰ ਡੁੱਲਣ ਬਾਰੇ ਕਿਹਾ। ਦੋ ਘੰਟੇ ਉਪਰੰਤ ਮਨਦੀਪ ਨੂੰ ਨਾਜ਼ੁਕ ਹਾਲਤ ਵਿੱਚ ਹੀ ਹਸਪਤਾਲ ਤੋਂ ਧੱਕੇ ਨਾਲ ਛੁੱਟੀ ਕਰਾ ਕੇ ਘਰ ਲੈ ਗਏ। ਸ਼ਾਮ ਨੂੰ ਮਨਦੀਪ ਦਾ ਭਰਾ ਤੇ ਮਾਤਾ ਉਸ ਨੂੰ ਹਸਪਤਾਲ ਲੈ ਕੇ ਆਏ, ਜਿੱਥੇ ਸੋਮਵਾਰ ਸਵੇਰੇ ਉਸ ਦੀ ਮੌਤ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਮਨਦੀਪ ਦੀ ਮੌਤ ਲਈ ਜ਼ਿੰਮੇਵਾਰ ਸਹੁਰਾ ਪਰਿਵਾਰ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇ।
ਡਾ. ਜੇ.ਐਲ. ਸਚਦੇਵਾ ਨੇ ਕਿਹਾ ਕਿ ਮਨਦੀਪ ਕੌਰ ਨੂੰ ਹਸਪਤਾਲ ਸਪਰੇਅ ਪੀਣ ਦੇ 10 ਘੰਟਿਆਂ ਬਾਅਦ ਲਿਆਂਦਾ ਗਿਆ। ਜਦੋਂ ਕੁੜੀ ਨੂੰ ਉਨ੍ਹਾਂ ਕੋਲ ਲੈ ਕਿ ਆਇਆ ਗਿਆ ਤਾਂ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ। ਉਸ ਦੀ ਅੱਖ ਦੀ ਪੁਤਲੀ ਉਲਟ ਚੁੱਕੀ ਸੀ। ਮਰੀਜ਼ ਨੂੰ ਦੇਰੀ ਨਾਲ ਹਸਪਤਾਲ ਲਿਆਉਣ ਕਾਰਨ ਸਾਰੇ ਸਰੀਰ 'ਚ ਜ਼ਹਿਰ ਫੈਲ ਚੁੱਕਿਆ ਸੀ।
ਥਾਨਾ ਸਦਰ ਦੇ ਐਸਐਚਓ ਮਲਕੀਤ ਸਿੰਘ ਨੇ ਕਿਹਾ ਕਿ ਮਨਦੀਪ ਕੌਰ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸਦੀ ਰਿਪੋਰਟ ਉਪਰੰਤ ਕਥਿਤ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।