ਸ੍ਰੀ ਮੁਕਤਸਰ ਸਾਹਿਬ: ਨਵੀਂ ਦਾਣਾ ਮੰਡੀ ਵਿੱਚ ਮਾਰਕੀਟ ਕਮੇਟੀ ਦੇ ਸਕੱਤਰ ਵੱਲੋਂ ਬਣਾਈ ਵਿਸ਼ੇਸ਼ ਟੀਮ ਦੀ ਅਗਵਾਈ ਕਰਦਿਆਂ ਖੁਦ ਮਾਰਕੀਟ ਕਮੇਟੀ ਦੇ ਸਕੱਤਰ ਨੇ ਅਨਾਜ ਮੰਡੀ ਵਿੱਚ ਚੱਲ ਰਹੇ ਗੈਰ ਕਨੂੰਨੀ ਤੁਲਾਈ ਕੰਡਿਆਂ ਦੇ ਵਿਰੁੱਧ ਕਾਰਵਾਈ ਕੀਤੀ ਹੈ।
ਕਿਸਾਨਾਂ ਦਾ ਸ਼ੋਸ਼ਣ ਕਰਨ ਵਾਲੇ ਗੈਰ-ਕਾਨੂੰਨੀ ਤੁਲਾਈ ਕੰਡਿਆਂ ਦੇ ਖਿਲਾਫ਼ ਹੋਈ ਕਾਨੂੰਨੀ ਕਾਰਵਾਈ - ਸ੍ਰੀ ਮੁਕਤਸਰ ਸਾਹਿਬ
ਅਨਾਜ ਮੰਡੀ ਸ੍ਰੀ ਮੁਕਤਸਰ ਸਾਹਿਬ ਵਿੱਚ ਕਿਸਾਨਾਂ ਦੀ ਲੁੱਟ ਦਾ ਸਾਧਨ ਬਣ ਰਹੇ ਗ਼ੈਰ-ਕਾਨੂੰਨੀ ਤੁਲਾਈ ਕੰਡਿਆਂ ਵਿਰੁੱਧ ਮਾਰਕੀਟ ਕਮੇਟੀ ਦੇ ਸਕੱਤਰ ਨੇ ਕਾਨੂੰਨੀ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ ਦਰਜਨਾਂ ਦੀ ਗਿਣਤੀ ਵਿੱਚ ਤੁਲਾਈ ਕੰਡੇ ਵੀ ਜ਼ਬਤ ਕੀਤੇ ਹਨ।
ਇਨ੍ਹਾਂ ਗੈਰ-ਕਨੂੰਨੀ ਤੁਲਾਈ ਕੰਡਿਆਂ ਵਾਲਿਆਂ ਕੋਲ ਕੁਝ ਅਜਿਹੇ ਲੋਕ ਅਨਾਜ ਵੇਚਦੇ ਹਨ, ਜਿਨ੍ਹਾਂ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਨਾਜ ਹਾਸਲ ਕੀਤਾ ਹੋਵੇ। ਭਾਵੇਂ ਉਹ ਚੋਰੀ ਦਾ ਅਨਾਜ ਹੋਵੇ ਭਾਵੇਂ ਉਹ ਕਿਸੇ ਹੋਰ ਤਰੀਕੇ ਨਾਲ ਇਕੱਠਾ ਕੀਤਾ ਅਨਾਜ ਹੋਵੇ। ਇਨ੍ਹਾਂ ਗ਼ੈਰ-ਕਨੂੰਨੀ ਤੁਲਾਈ ਕੰਡਿਆਂ ਦੇ ਸੰਚਾਲਕ ਫਸਲ ਅਤੇ ਅਨਾਜ ਖਰੀਦਣ ਵਿੱਚ ਮਨ-ਮਰਜ਼ੀ ਦਾ ਰੇਟ ਦਿੰਦੇ ਹਨ ਅਤੇ ਆਪਣੀ ਮਰਜ਼ੀ ਦੇ ਨਾਲ ਹੀ ਵਜ਼ਨ ਵਿੱਚ ਹੇਰਾ ਫੇਰੀ ਨੂੰ ਅੰਜਾਮ ਦਿੰਦੇ ਹਨ।
ਦੱਸਣਯੋਗ ਹੈ ਕਿ ਪੰਜਾਬ ਦੀਆਂ ਲਗਭਗ ਸਾਰੀਆਂ ਅਨਾਜ ਮੰਡੀਆਂ ਵਿੱਚ ਇਹ ਗ਼ੈਰ-ਕਾਨੂੰਨੀ ਤੁਲਾਈ ਕੰਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਦੇ ਚੱਲਦਿਆਂ ਧੜੱਲੇ ਨਾਲ ਕਮਾਈਆਂ ਕਰਦੇ ਹਨ। ਕਿਉਂਕਿ ਕੰਡਿਆਂ ਦੇ ਸੰਚਾਲਕਾਂ ਦੀ ਦਫ਼ਤਰੀ ਬਾਬੂਆਂ ਨਾਲ ਵੱਡੇ ਪੱਧਰ 'ਤੇ ਸੈਟਿੰਗ ਹੁੰਦੀ ਹੈ। ਜਿਸ ਕਰਕੇ ਅਕਸਰ ਹੀ ਇਨ੍ਹਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ।