ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਨੇ ਬੀਤੀ ਰਾਤ ਦੇਹਾਂਤ ਹੋ ਗਿਆ ਸੀ। ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਗੁਰਦਾਸ ਬਾਦਲ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਦੌਰਾਨ ਵੀਰਵਾਰ ਦੇਰ ਰਾਤ ਆਖ਼ਰੀ ਸਾਹ ਲਏ ਸਨ।
ਗੁਰਦਾਸ ਸਿੰਘ ਬਾਦਲ ਦੀ ਮੌਤ ‘ਤੇ ਉਸ ਦਾ ਵੱਡਾ ਭਰਾ ਸਾਬਕਾ ਮੁੱਖ ਮੰਤਰੀ ਪ੍ਰਕਾਸ ਬਾਦਲ ਨੇ ਦੁੱਖ ਪ੍ਰਗਟ ਕੀਤਾ। ਪਿੰਡ ਬਾਦਲ ਵਿੱਚ ਅੰਤਿਮ ਦਰਸ਼ਨਾਂ ਮੌਕੇ ਭਰਾ ਨੂੰ ਦੇਖ ਕੇ ਉਹ ਭਾਵੁਕ ਹੋ ਗਏ ਤੇ ਰੋਣ ਲੱਗੇ। ਬਾਦਲ ਨੇ ਕਿਹਾ ਕਿ ਮੈਂ ਜਿੰਦਗੀ ਵਿਚ ਕਦੀ ਰੋਇਆ ਨਹੀ ਸੀ ਪਰ ਅੱਜ ਭਰਾ ਨੇ ਰੁਆ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਗੁਰਦਾਸ ਸਿੰਘ ਬਾਦਲ 1971 ’ਚ ਅਕਾਲੀ ਦਲ ਦੀ ਟਿਕਟ ਉੱਤੇ ਸਾਬਕਾ ਫ਼ਾਜ਼ਿਲਕਾ ਲੋਕ ਸਭਾ ਹਲਕੇ ਤੋਂ ਐਮਪੀ ਚੁਣੇ ਗਏ ਸਨ। ਉਸ ਸਮੇਂ ਉਹ 5ਵੀਂ ਲੋਕ ਸਭਾ ਦੇ ਮੈਂਬਰ ਸਨ। ਸਾਲ 2012 ’ਚ ਗੁਰਦਾਸ ਬਾਦਲ ਨੇ ਆਪਣੇ ਸਕੇ ਭਰਾ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਲੰਬੀ ਹਲਕੇ ਤੋਂ ਵਿਧਾਨ ਸਭਾ ਚੋਣ ਲੜੀ ਸੀ, ਪਰ ਉਹ ਹਾਰ ਗਏ ਸਨ। ਇਸ ਦੇ ਬਾਵਜੂਦ ਆਪਣੇ ਇਲਾਕੇ ਵਿੱਚ ‘ਪਾਸ਼’ (ਪ੍ਰਕਾਸ਼) ਅਤੇ ‘ਦਾਸ’ (ਗੁਰਦਾਸ) ਨਾਂਅ ਦੀ ਜੋੜੀ ਨਾਲ ਜਾਣੇ ਜਾਂਦੇ ਦੋਵੇਂ ਭਰਾਵਾਂ ਦੇ ਆਪਸੀ ਸਬੰਧ ਚੰਗੇ ਬਣੇ ਰਹੇ ਸਨ।