ਸ੍ਰੀ ਮੁਕਤਸਰ ਸਾਹਿਬ : ਦਿੱਲੀ ਦੇ ਮੁੱਖ ਮੰਤਰੀ (Chief Minister of Delhi) ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਜਿਥੇ ਬੀਤੇ ਕੱਲ੍ਹ ਜਲੰਧਰ 'ਚ ਤਿਰੰਗਾ ਯਾਤਰਾ (Tiranga Yatra in Jalandhar) ਕੱਢੀ,ਉਥੇ ਹੀ ਅਕਾਲੀ ਦਲ ਦੇ ਗੜ੍ਹ ਲੰਬੀ ਹਲਕੇ 'ਚ ਜਨਸਭਾ (Public meeting in Lambi constituency) ਨੂੰ ਸੰਬੋਧਨ ਵੀ ਕੀਤਾ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੇ ਲੰਬੀ ਹਲਕੇ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ 'ਚ ਪ੍ਰਚਾਰ ਕੀਤਾ।
'ਦਿੱਲੀ 'ਚ ਕੀਤਾ ਸੁਧਾਰ'
ਇਸ ਦੌਰਾਨ 'ਆਪ' ਸੁਪਰੀਮੋਂ (Aam Aadmi Party supremo) ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ 'ਤੇ ਜਮ ਕੇ ਨਿਸ਼ਾਨੇ ਵੀ ਸਾਧੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਅਤੇ ਕਾਂਗਰਸ ਨੇ ਸਿਰਫ਼ ਗੱਲਾਂ ਹੀ ਕੀਤੀਆਂ ਹਨ, ਜਦਕਿ ਉਨ੍ਹਾਂ ਦਿੱਲੀ 'ਚ ਲੋਕਾਂ ਲਈ ਮੁਹੱਲਾ ਕਲੀਨਿਕ (Mohalla Clinic) ਬਣਾਏ, ਸਕੂਲਾਂ ਦਾ ਢਾਂਚਾ ਵਧੀਆ ਕੀਤਾ। ਇਸ ਦੇ ਨਾਲ ਹੀ ਲੋਕਾਂ ਨੂੰ ਮੁਫ਼ਤ ਅਤੇ ਚੌਵੀ ਘੰਟੇ ਬਿਜਲੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਸੂਬੇ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ।
'ਮੁੱਖ ਮੰਤਰੀ ਸਿਰਫ਼ ਕਰ ਰਹੇ ਐਲਾਨ'
ਇਸ ਦੌਰਾਨ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਸਿਰਫ਼ ਐਲਾਨ ਹੀ ਕਰ ਰਹੇ ਹਨ, ਉਨ੍ਹਾਂ ਐਲਾਨਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨਾਲ ਹੀ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਸਿਰਫ਼ ਮੈਨੂੰ ਨਿੰਦਣ 'ਚ ਹੀ ਆਪਣਾ ਸਮਾਂ ਖ਼ਰਾਬ ਕਰ ਰਹੇ ਹਨ।
'ਬਾਥਰੂਮ 'ਚ ਕੰਮ ਕਰਨ ਵਾਲੇ ਪਹਿਲੇ ਮੁੱਖ ਮੰਤਰੀ ਚੰਨੀ'
ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਰਤ ਦੇ ਇਤਿਹਾਸ 'ਚ ਇਸ ਤੋਂ ਵੱਡੀ ਨੌਟੰਕੀਬਾਜ਼ ਸਰਕਾਰ ਹੁਣ ਤੱਕ ਨਹੀਂ ਆਈ। ਉਨ੍ਹਾਂ ਮੁੱਖ ਮੰਤਰੀ ਚੰਨੀ 'ਤੇ ਤੰਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਇੰਟਰਵਿਊ ਸੁਣੀ, ਜਿਸ 'ਚ ਚੰਨੀ ਕਹਿ ਰਹੇ ਕਿ ਉਹ 24 ਘੰਟੇ ਕੰਮ ਕਰਦੇ ਹਨ। ਉਹ ਬਾਥਰੂਮ ਵੀ ਜਾਂਦੇ ਤਾਂ ਲੋਕ ਉਨ੍ਹਾਂ ਨਾਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਕਿਸੇ ਮੁੱਖ ਮੰਤਰੀ ਦੇ ਨਾਲ ਬਾਥਰੂਮ 'ਚ ਵੀ ਲੋਕ ਨਾਲ ਜਾਂਦੇ ਹੋਣ।
'ਕਾਂਗਰਸ 'ਚ ਚੱਲ ਰਹੀ ਖ਼ਾਨਾ-ਜੰਗੀ'
ਕੇਜਰੀਵਾਲ ਨੇ ਕਾਂਗਰਸ 'ਚ ਚੱਲ ਰਹੀ ਖ਼ਾਨਾ-ਜੰਗੀ 'ਤੇ ਟਿੱਪਣੀ ਕਰਦਿਆਂ ਕਿਹਾ, ''ਮੁੱਖ ਮੰਤਰੀ ਚੰਨੀ ਨਾਲ ਨਵਜੋਤ ਸਿੱਧੂ ਲੜ ਰਹੇ ਹਨ, ਨਵਜੋਤ ਸਿੱਧੂ ਨਾਲ ਸੁਨੀਲ ਜਾਖੜ ਲੜ ਰਹੇ ਹਨ, ਜਾਖੜ ਨਾਲ ਪ੍ਰਤਾਪ ਸਿੰਘ ਬਾਜਵਾ ਲੜ ਰਹੇ ਹਨ। ਦਰਅਸਲ ਇਹ ਸਭ ਪੰਜਾਬ ਨੂੰ ਲੁੱਟਣ ਲਈ ਲੜ ਰਹੇ ਹਨ ਕਿਉਂਕਿ ਇਨਾਂ ਨੂੰ ਪਤਾ ਹੈ ਕਿ ਕਾਂਗਰਸ ਸਰਕਾਰ ਜਾ ਰਹੀ ਹੈ। ਸਾਰੇ ਕਾਂਗਰਸੀ ਲੁੱਟਣ ਲੱਗੇ ਹੋਏ ਹਨ।
'ਕਾਂਗਰਸ ਸਰਕਾਰ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ'
ਉਨ੍ਹਾਂ ਨਾਲ ਹੀ ਮੁੱਖ ਮੰਤਰੀ ਚੰਨੀ 'ਤੇ ਤੰਜ ਕੱਸਦੇ ਉਨ੍ਹਾਂ ਕਿਹਾ ਕਿ ਮੈਨੂੰ ਟੈਂਟ ਲਾਉਣਾ ਨਹੀਂ ਆਉਂਦਾ, ਗਾਂ ਦੁੱਧ ਚੋਣਾ ਨਹੀਂ ਆਉਂਦਾ, ਗੁੱਲੀ ਡੰਡਾ ਨਹੀਂ ਖੇਡਣਾ ਆਉਂਦਾ ਪਰ ਮੈਨੂੰ ਚੰਗੇ ਸਕੂਲ ਬਣਾਉਣੇ ਆਉਂਦੇ, ਚੰਗੇ ਹਸਪਤਾਲ ਬਣਾਉਣੇ ਆਉਂਦੇ, ਬਿਜਲੀ ਬਿੱਲ ਮੁਆਫ਼ ਕਰਨੇ ਆਉਂਦੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ। ਕਾਂਗਰਸ ਸਰਕਾਰ ਨਹੀਂ ਸਰਕਸ ਚੱਲ ਰਹੀ ਹੈ ਅਤੇ ਇਸ ਦੇ ਆਗੂ ਆਪਸ ਵਿੱਚ ਲੜ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਜਦ ਤੋਂ ਉਨ੍ਹਾਂ ਔਰਤਾਂ ਦੇ ਖਾਤੇ ਵਿਚ ਹਰ ਮਹੀਨੇ ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਉਦੋ ਤੋਂ ਹੀ ਇਹ ਰਵਾਇਤੀ ਪਾਰਟੀਆਂ ਵਾਲੇ ਬੁਖ਼ਲਾ ਗਈਆਂ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕੁਝ ਸਮਾਂ ਪਹਿਲਾਂ ਬਣੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੋਜ਼ਾਨਾ ਨਵੇਂ-ਨਵੇਂ ਐਲਾਨ ਕਰ ਰਹੇ ਹਨ।
'ਸੱਤਾਧਾਰੀ ਆਗੂਆਂ ਨੇ ਖ਼ਜ਼ਾਨਾ ਲੁੱਟ ਪੰਜਾਬ ਸਿਰ ਕਰਜ਼ ਵਧਾਇਆ'
ਕੇਜਰੀਵਾਲ ਨੇ ਦੋਸ਼ ਲਾਇਆ ਕਿ ਸੱਤਾਧਾਰੀ ਆਗੂਆਂ ਨੇ ਖ਼ਜ਼ਾਨਾ ਲੁੱਟ ਲੁੱਟ ਕੇ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਚਾੜ ਦਿੱਤਾ ਹੈ। ਪੰਜਾਬ ਦੇ ਖ਼ਜ਼ਾਨੇ 'ਚੋਂ ਕਰੀਬ 34 ਹਜ਼ਾਰ ਕਰੋੜ ਰੁਪਏ ਘੁਟਾਲਿਆਂ ਰਾਹੀਂ ਇਨਾਂ ਆਗੂਆਂ ਦੀਆਂ ਜੇਬਾਂ ਵਿੱਚ ਜਾਂਦਾ ਹੈ। ਇਸ ਲੁੱਟ ਨੂੰ ਰੋਕਿਆ ਜਾਵੇਗਾ ਅਤੇ 'ਆਪ' ਦੀ ਸਰਕਾਰ ਬਣਨ ਖ਼ਜ਼ਾਨਾ ਨੂੰ ਲੁੱਟਣ ਵਾਲਿਆਂ ਦੀਆਂ ਜੇਬਾਂ ਵਿਚੋਂ ਸਰਕਾਰੀ ਪੈਸਾ ਵਸੂਲ ਕਰੇਗੀ। ਪੰਜਾਬ ਦੇ ਸਕੂਲ , ਹਸਪਤਾਲ ਤੇ ਇਲਾਜ ਦਿੱਲੀ ਦੀ ਤਰਾਂ ਚੰਗੇ ਅਤੇ ਮੁਫ਼ਤ ਕੀਤੇ ਜਾਣਗੇ। ਅਧਿਆਪਕਾਂ, ਡਾਕਟਰਾਂ ਅਤੇ ਮੁਲਾਜ਼ਮਾਂ ਨੂੰ ਧਰਨੇ ਨਹੀਂ ਲਾਉਣੇ ਪੈਣਗੇ। ਪੰਜਾਬ ਵਾਸੀਆਂ ਨੂੰ ਹਰ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ :ਨਰਮੇ ਤੋਂ ਬਾਅਦ ਮਾਲਵੇ ਵਿੱਚ ਕਣਕ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ
ਕਾਂਗਰਸ ਝੂਠ ਦਾ ਪੁਲੰਦਾ ਪਾਰਟੀ : ਮਾਨ
ਇਸ ਮੌਕੇ ਸੰਬੋਧਨ ਕਰਦੇ ਹੋਏ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉੱਤੇ ਨਿਸ਼ਾਨਾ ਲਾਉਂਦੇ ਕਿਹਾ, ''ਉਨਾਂ ਕੋਲ ਟਰਾਂਸਪੋਰਟ ਹੈ, ਬੱਸਾਂ ਹਨ , ਜਹਾਜ਼ ਹਨ, ਹੋਟਲ ਹਨ ਅਤੇ ਹੋਰ ਕਈ ਵੱਡੇ ਕਾਰੋਬਾਰ ਹਨ। ਹੁਣ ਉਹ ਲੋਕਾਂ ਨੂੰ ਮੂਰਖ ਬਣਾਉਣ ਲਈ ਕਿਸਾਨ ਬਣਨ ਦਾ ਡਰਾਮਾ ਕਰ ਰਹੇ ਹਨ।'' ਕਾਂਗਰਸ ਨੂੰ ਝੂਠ ਦਾ ਪੁਲੰਦਾ ਪਾਰਟੀ ਕਰਾਰ ਦਿੰਦਿਆਂ ਮਾਨ ਨੇ ਕਿਹਾ ਕਾਂਗਰਸ ਸਿਰਫ਼ 80 ਦਿਨ ਦਾ ਹਿਸਾਬ ਦੇ ਕੇ ਕਿਸ ਮੂੰਹ ਨਾਲ ਫਿਰ ਤੋਂ 5 ਸਾਲ ਮੰਗ ਰਹੀ ਹੈ, ਪਰੰਤੂ ਮੈਂ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਾਢੇ ਚਾਰ ਸਾਲ ਦੇ ਕੈਪਟਨ ਸ਼ਾਸਨ ਦਾ ਹਿਸਾਬ ਕੌਣ ਦੇਵੇਗਾ ਜਿਸ ਵਿੱਚ ਵਰਤਮਾਨ ਮੁੱਖ ਮੰਤਰੀ ਚੰਨੀ ਅਤੇ ਬਾਕੀ ਵੀ ਮੰਤਰੀ ਰਹੇ ਹਨ? ਮਾਨ ਨੇ ਕਿਹਾ ਕਿ ਘਰ ਘਰ ਨੌਕਰੀ, ਸੰਪੂਰਨ ਕਰਜ਼ਾ ਮੁਆਫ਼ੀ, 2500 ਬੁਢਾਪਾ ਪੈਨਸ਼ਨ ਸਮੇਤ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਜਿਸ ਦਾ ਲੋਕਾਂ ਨੂੰ ਹਿਸਾਬ ਦੇਣਾ ਪੈਣਾ ਹੈ।
'36 ਮੁਲਾਜ਼ਮ ਵੀ ਨਹੀਂ ਕੀਤੇ ਪੱਕੇ'
ਚੰਨੀ ਸਰਕਾਰ ਦੇ ਝੂਠ ਦੀ ਪੋਲ ਖੋਲਦੇ ਹੋਏ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਪੂਰੇ ਪੰਜਾਬ ਵਿੱਚ ਝੂਠੇ ਬੋਰਡ ਲਵਾਏ ਹੋਏ ਹਨ ਕਿ ਉਨਾਂ ਨੇ 36000 ਮੁਲਾਜ਼ਮ ਪੱਕੇ ਕੀਤੇ ਹਨ, ਪਰੰਤੂ ਉਨਾਂ ਕੋਲ ਗਿਣਾਉਣ ਨੂੰ ਅਜਿਹੇ 36 ਮੁਲਾਜ਼ਮ ਵੀ ਨਹੀਂ ਹਨ। ਚੰਨੀ ਨੂੰ ਸਿਰਫ਼ ਝੂਠੇ ਐਲਾਨ ਕਰਨੇ ਆਉਂਦੇ ਹਨ।'' ਉਨਾਂ ਨੇ ਕਿਹਾ ਕਿ ਜਿਵੇਂ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ, ਉਸੇ ਤਰਾਂ ਅਕਾਲੀ- ਕਾਂਗਰਸ ਦਾ ਝੂਠ ਇਸ ਵਾਰ ਬਿਲਕੁਲ ਵੀ ਨਹੀਂ ਚੱਲੇਗਾ। ਮਾਨ ਨੇ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਪੰਜਾ ਅਤੇ ਤੱਕੜੀ ਦੇ ਘਾਤਕ ਚੱਕਰਵਿਊ ਤੋਂ ਬਾਹਰ ਨਿਕਲ ਕੇ ਝਾੜੂ ਨੂੰ ਮੌਕਾ ਦਿਓ।
'9700 ਕਰੋੜ ਰੁਪਏ ਜਹਾਜ਼ਾਂ ਦੇ ਝੂਟਿਆਂ 'ਤੇ ਉਡਾਏ'
ਲੰਬੀ ਤੋਂ 'ਆਪ' ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੇ ਇਮਾਨਦਾਰ ਰਾਜਨੀਤੀ ਦਾ ਪੱਲਾ ਫੜਿਆ ਹੈ ਅਤੇ ਉਹ ਖ਼ੁਦ ਉਨਾਂ ਦੇ ਰਸਤੇ 'ਤੇ ਚੱਲ ਰਹੇ ਹਨ। ਜਿਸ ਕਰਕੇ ਇਲਾਕੇ ਦੇ ਲੋਕ ਉਨਾਂ ਦੇ ਨਾਲ ਖੜੇ ਹਨ। ਉਨਾਂ ਕਿਹਾ ਕਿ 25 ਸਾਲ ਪੰਜਾਬ 'ਤੇ ਰਾਜ ਕਰਨ ਵਾਲੇ ਬਾਦਲ ਪਰਿਵਾਰ ਅਤੇ ਕੈਪਟਨ ਪਰਿਵਾਰ ਨੇ ਸੂਬੇ ਨੂੰ ਤਿੰਨ ਲੱਖ ਕਰੋੜ ਦੇ ਕਰਜ਼ੇ 'ਚ ਡੋਬ ਦਿੱਤਾ, ਜਿਸ ਕਾਰਨ ਹਰ ਜੰਮਣ ਵਾਲਾ ਬੱਚਾ ਕਰਜ਼ਾਈ ਹੈ। ਕੈਪਟਨ ਅਤੇ ਚੰਨੀ ਨੇ 9700 ਕਰੋੜ ਰੁਪਏ ਜਹਾਜ਼ਾਂ ਦੇ ਝੂਟਿਆਂ 'ਤੇ ਉਡਾ ਦਿੱਤੇ, ਪਰ ਆਮ ਲੋਕਾਂ ਲਈ ਖ਼ਜ਼ਾਨਾ ਖ਼ਾਲੀ ਹੈ। ਖੁੱਡੀਆਂ ਨੇ ਅਪੀਲ ਕਰਦਿਆਂ ਕਿਹਾ ਕਿ ਵੋਟ ਦੀ ਚੋਟ ਨਾਲ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਰਾਜਭਾਗ ਤੋਂ ਦੂਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ :ਬਾਦਲਾਂ ਦੇ ਗੜ੍ਹ ’ਚ ਗੜ੍ਹਕਣਗੇ ਕੇਜਰੀਵਾਲ