ਸ੍ਰੀ ਮੁਕਤਸਰ ਸਾਹਿਬ: ਜਵਾਹਰੇਵਾਲਾ ਗੋਲੀ ਕਾਂਡ ਵਿਰੋਧੀ ਐਕਸ਼ਨ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ, ਮ੍ਰਿਤਕਾਂ ਦੇ ਪਰਿਵਾਰ ਨੂੰ 50-50 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 25-25 ਲੱਖ ਰੁਪਏ ਆਰਥਿਕ ਸਹਾਇਤਾ,ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ।
10ਵੇਂ ਦਿਨ 24 ਘੰਟਿਆਂ ਦੇ ਧਰਨੇ ਦੌਰਾਨ ਦੇਰ ਰਾਤ ਸਮੇਂ ਐੱਸਐੱਸਪੀ ਮਨਜੀਤ ਸਿੰਘ ਢੇਸੀ, ਐੱਸਡੀਐੱਮ ਰਣਦੀਪ ਸਿੰਘ ਹੀਰ, ਡੀਐੱਸਪੀ ਤਲਵਿੰਦਰਜੀਤ ਸਿੰਘ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜੱਥੇਬੰਦੀਆਂ ਅਤੇ ਪੀੜਤ ਪਰਿਵਾਰ ਨਾਲ ਬੈਠਕ ਕਰਕੇ ਮੰਗਾਂ ਮੰਨਣ ਭਰੋਸਾ ਦਿੱਤਾ, ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ। ਮੰਗਲਵਾਰ 11ਵੇਂ ਦਿਨ ਮ੍ਰਿਤਕ ਦੇਹਾਂ ਦਾ ਸਿਵਲ ਹਸਪਤਾਲ 'ਚ ਪੋਸਟਮਾਰਟ ਕਰਵਾਇਆ ਗਿਆ।
ਜਵਾਹਰੇਵਾਲਾ ਦੇ ਸ਼ਮਾਸ਼ਾਨਘਾਟ 'ਚ ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਤੋਂ ਜਥੇਬੰਦੀਆਂ ਦੇ ਨੁਮਾਇੰਦੇ ਤੇ ਵੱਡੀ ਗਿਣਤੀ 'ਚ ਹੋਰ ਲੋਕ ਪਿੰਡ ਜਵਾਹਰੇਵਾਲਾ ਵਿਖੇ ਪਹੁੰਚ ਗਏ ਤੇ ਦੁਪਹਿਰ ਬਾਅਦ ਮ੍ਰਿਤਕਾਂ ਦੇਹਾਂ ਦਾ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਏ ।
ਇਸ ਮੌਕੇ ਲਛਮਨ ਸਿੰਘ ਸੇਵੇਵਾਲਾ ਨੇ ਦੱਸਿਆਂ ਕਿ ਦੋਨਾਂ ਮ੍ਰਿਤਕ ਦੇਹਾਂ ਨਾਲ ਪਰਿਵਾਰ ਦੀਆਂ ਬਹੁਤ ਹੀ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਸ ਲਈ ਇਹ ਦੋਨੋ ਮ੍ਰਿਤਕ ਦੇਹਾਂ ਜੋ ਕਿ ਪਿਛਲੇ 10 ਦਿਨਾਂ ਤੋਂ ਸਿਵਿਲ ਹਸਪਤਾਲ ਮੁਕਤਸਰ ਦੇ ਵਿੱਚ ਪਈਆਂ ਸਨ ਜਿਨ੍ਹਾਂ ਦਾ ਪੋਸਟਮਾਰਟਮ ਕਰਵਾ ਕੇ ਅੱਜ 11 ਵੇਂ ਦਿਨ ਅੰਤਿਮ ਸਸਕਾਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਰੰਜਿਸ਼ ਤੇ ਗਲੀ ਦੇ ਰੌਲੇ ਕਾਰਨ ਬੀਤੀ 13 ਜੁਲਾਈ 2019 ਨੂੰ ਪਿੰਡ ਦੇ ਹੀ ਇਕ ਧਨਾਢ ਵਿਅਕਤੀ ਸੁਖਵਿੰਦਰ ਸਿੰਘ ਉਰਫ਼ ਦੁੱਗੀ ਵੱਲੋਂ ਆਪਣੇ ਸਾਥੀਆਂ ਨਾਲ ਹਮ-ਮਸ਼ਵਰਾ ਹੋ ਕੇ ਪਿੰਡ ਦੇ ਹੀ ਇਕ ਗ਼ਰੀਬ ਪਰਿਵਾਰ ਦੇ 2 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਗੋਲੀ ਕਾਂਡ ਮਾਮਲੇ ਨੂੰ ਲੈ ਕੇ ਪੰਜਾਬ ਭਰ ਦੀਆਂ ਜਥੇਬੰਦੀਆਂ ਇਨਸਾਫ਼ ਲਈ ਸੰਘਰਸ਼ ਕਰ ਰਹੀਆਂ ਸੀ। ਇਸ ਮਾਮਲੇ 'ਚ ਪੁਲਿਸ ਨੇ 12 ਵਿਅਕਤੀਆਂ ਨੂੰ ਨਾਮਜ਼ਦ ਕਰਕੇ 5 ਜਾਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ 7 ਲੋਕ ਅਜੇ ਪੁਲਿਸ ਦੀ ਗ੍ਰਿਫ਼ਤ 'ਚੋਂ ਬਾਹਰ ਹਨ।