ਮੁਕਤਸਰ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਹਰ ਰੋਜ਼ ਇੱਕ ਨਵੀਂ ਸਕੀਮ ਨੂੰ ਲਾਂਚ ਕੀਤਾ ਜਾਂਦਾ ਹੈ ਤਾਂ ਜੋ ਲੋਕ ਚੰਗੀਆਂ ਸੇਵਾਵਾਂ ਨੂੰ ਪ੍ਰਾਪਤ ਕਰ ਸਕਣ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦੀ ਤਸਵੀਰ ਜ਼ਿਲ੍ਹਾ ਫਾਜ਼ਿਲਕਾਂ ਦੇ ਹਲਕਾ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਹਸਪਤਾਲ ਦੇ ਬਾਹਰ ਬਣੇ ਫੁੱਟਪਾਥ ਦੇ ਉੱਤੇ ਦੋ ਮਹਿਲਾਵਾਂ ਰੋਂਦੀਆਂ ਵਿਲਕਦੀਆਂ ਨਜ਼ਰ ਆ ਰਹੀਆਂ ਹਨ ਪਰ ਕਿਸੇ ਨੇ ਵੀ ਉਨ੍ਹਾਂ ਦੀ ਕੋਈ ਸਾਰ ਨਹੀ ਲਈ।
ਦੱਸ ਦਈਏ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਲੱਧੂਵਾਲਾ ਦੀ ਰਹਿਣ ਵਾਲੀ ਇੱਕ ਮਹਿਲਾ ਆਪਣੀ ਨੂੰਹ ਨੂੰ ਉਸ ਦੀ ਡਿਲੀਵਰੀ ਕਰਵਾਉਣ ਲਈ ਸਰਕਾਰੀ ਹਸਪਤਾਲ ਜਲਾਲਾਬਾਦ ਵਿੱਚ ਲੈ ਕੇ ਗਈ ਸੀ ਜਿੱਥੇ ਡਾਕਟਰਾਂ ਨੇ ਉਸ ਮਹਿਲਾ ਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਉਸ ਦੀ ਨੂੰਹ ਦੇ ਪੇਟ ਵਿੱਚ ਜੋ ਬੱਚਾ ਹੈ ਉਹ ਉਲਟਾ ਹੈ। ਮਰੀਜ਼ ਨੂੰ ਫ਼ਰੀਦਕੋਟ ਲੈ ਜਾਉ ਉੱਥੇ ਜਾ ਕੇ ਡਿਲੀਵਰੀ ਕਰਵਾਉ ਪਰ ਉਸ ਗ਼ਰੀਬ ਪਰਿਵਾਰ ਨਾਲ ਸਬੰਧਤ ਮਹਿਲਾ ਨੇ ਡਾਕਟਰਾਂ ਨੂੰ ਮੁਕਤਸਰ ਦੇ ਸਰਕਾਰੀ ਹਸਪਤਾਲ ਵਿੱਚ ਜਾਣ ਦੇ ਲਈ ਐਂਬੂਲੈਂਸ ਮੰਗੀ ਪਰ ਹਸਪਤਾਲ ਵਾਲਿਆਂ ਨੇ ਐਂਬੂਲੈਂਸ ਦੇਣ ਤੋਂ ਵੀ ਜਵਾਬ ਦੇ ਦਿੱਤਾ ਸੀ ਕਿ ਉਹ ਮੁਕਤਸਰ ਐਂਬੂਲੈਂਸ ਨਹੀਂ ਭੇਜ ਸਕਦੇ, ਫਰੀਦਕੋਟ ਭੇਜ ਸਕਦੇ ਹਨ।
ਉਹ ਦੋਨੋਂ ਨੂੰਹ ਸੱਸ ਸਰਕਾਰੀ ਹਸਪਤਾਲ ਦੇ ਬਾਹਰ ਬਣੇ ਫੁੱਟਪਾਥ ਉੱਤੇ ਕਰੀਬ ਦੋ ਘੰਟੇ ਤੱਕ ਰੋਂਦੀਆਂ ਵਿਲਕਦੀਆਂ ਰਹੀਆਂ ਇਸ ਘਟਨਾ ਦਾ ਜਲਾਲਾਬਾਦ ਦੇ ਸਮਾਜ ਸੇਵੀਆਂ ਨੂੰ ਪਤਾ ਲੱਗਣ 'ਤੇ ਮੌਕੇ ਉੱਤੇ ਪਹੁੰਚ ਕੇ ਦੋਨਾਂ ਨੂੰ ਇਕ ਪ੍ਰਾਈਵੇਟ ਗੱਡੀ ਰਾਹੀਂ ਮੁਕਤਸਰ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਉਸ ਮਹਿਲਾ ਦੀ ਨੂੰਹ ਦੀ ਡਿਲੀਵਰੀ ਨਾਰਮਲ ਤੇ ਸਹੀ ਢੰਗ ਨਾਲ ਹੋਈ ਤੇ ਹੁਣ ਜੱਚਾ ਬੱਚਾ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।