ਸ੍ਰੀ ਮੁਕਤਸਰ ਸਾਹਿਬ: ਕਰਫਿਊ ਦੌਰਾਨ ਜ਼ਿਲ੍ਹੇ 'ਚ ਲੱਗੇ ਨਾਕਿਆਂ ਦਾ ਸ੍ਰੀ ਮੁਕਤਸਰ ਸਾਹਿਬ ਦੇ ਆਈ.ਜੀ ਅਰੁਣ ਕੁਮਾਰ ਮਿੱਤਲ ਨੇ ਦੌਰਾ ਕੀਤਾ ਤੇ ਤੈਨਾਤ ਮੁਲਾਜ਼ਮਾਂ ਦੇ ਲਈ ਕੀਤੇ ਪ੍ਰਬੰਧਾਂ ਦਾ ਜ਼ਾਇਜਾ ਲਿਆ।
ਆਈ.ਜੀ ਅਰੁਣ ਕੁਮਾਰ ਮਿੱਤਲ ਨੇ ਦੱਸਿਆ ਕਿ ਪੂਰੇ ਪੰਜਾਬ 'ਚ ਕਰਫਿਊ ਨੂੰ ਲੱਗੇ 45 ਦਿਨਾਂ ਤੋਂ ਵੱਧ ਹੋ ਗਏ ਹਨ, ਪਰ ਇਸ ਸੰਕਟ ਦੀ ਸਥਿਤੀ 'ਚ ਪੁਲਿਸ ਮੁਲਾਜ਼ਮ 12 ਘੰਟੇ ਦੀ ਡਿਊਟੀ ਦੇ ਨਾਲ ਬਿਨ੍ਹਾਂ ਕਿਸੇ ਛੁੱਟੀ ਦੇ ਆਪਣੀ ਡਿਊਟੀ ਨਿਭਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ 'ਤੇ ਹਮਲੇ ਵੀ ਹੋ ਰਹੇ ਹਨ ਇਸ ਦੇ ਬਾਵਜੂਦ ਵੀ ਉਹ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਇਸ ਹੌਂਸਲੇ ਨੂੰ ਹੋਰ ਵਧਾਉਣ ਲਈ ਉਨ੍ਹਾਂ ਨੇ ਤੈਨਾਤ ਮੁਲਾਜ਼ਮਾਂ ਦੇ ਡਿਊਟੀ ਸਥਾਨਾਂ ਦਾ ਦੌਰਾ ਕੀਤਾ ਤੇ ਉਨ੍ਹਾਂ ਨਾਲ ਰਾਬਤਾ ਕਰਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਨੂੰ ਸੁਣਿਆ।