ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਵਾਇਰਸ ਦੇ ਚਲਦੇ ਪੰਜਾਬ 'ਚ ਕਰਫਿਊ ਜਾਰੀ ਹੈ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ ਤੇ ਲੋੜਵੰਦ ਲੋਕਾਂ ਨੂੰ ਖਾਣ-ਪੀਣ ਦੀ ਵਸਤੂਆਂ ਮੁਹੱਈਆ ਕਰਵਾ ਰਿਹਾ ਹੈ।
ਬਠਿੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਨੇ ਸ਼ਹਿਰ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਲੋੜਵੰਦ ਲੋਕਾਂ ਨੂੰ ਪਹੁੰਚਾਏ ਜਾਣ ਵਾਲੀ ਰਾਸ਼ਨ ਸਮਾਗਰੀ ਦੇ ਵਾਹਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਆਈਜੀ ਅਰੁਣ ਕੁਮਾਰ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਰਫਿਊ ਦੇ ਦੌਰਾਨ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੁਲਿਸ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ। ਕੋਰੋਨਾ ਵਾਇਰਸ ਤੋਂ ਨਜਿਠਣ ਲਈ ਲਗਾਏ ਗਏ ਕਰਫਿਊ ਦੌਰਾਨ ਹਰ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਨੂੰ ਡੋਰ-ਟੂ-ਡੋਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਭੁਖਾ ਨਹੀ ਰਹਿਣ ਦਿੱਤਾ ਜਾਵੇਗਾ।