ਸੁਖਬੀਰ ਨੇ ਦੱਸਵੀਂ ਵਿੱਚੋਂ ਹਾਸਲ ਕੀਤੇ 91 ਫੀਸਦੀ ਅੰਕ ਸ੍ਰੀ ਮੁਕਤਸਰ ਸਾਹਿਬ :ਅਕਸਰ ਹੀ ਕਿਹਾ ਜਾਂਦਾ ਹੈ ਕਿ ਕੁਝ ਕਰਨ ਦਾ ਜਜ਼ਬਾ ਹੋਵੇ, ਤਾਂ ਕੋਈ ਵੀ ਮੰਜ਼ਿਲ ਹਾਸਿਲ ਹੋ ਸਕਦੀ ਹੈ। ਇਹ ਸਾਬਿਤ ਕੀਤਾ ਹੈ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਸੁਖਬੀਰ ਨੇ। ਸੁਖਬੀਰ ਆਮ ਨਹੀਂ, ਬਲਕਿ ਸਪੈਸ਼ਲ ਹੈ, ਜੋ ਹੱਥਾਂ-ਪੈਰਾਂ ਤੋਂ ਦਿਵਿਆਂਗ ਹੋਣ ਦੇ ਬਾਵਜੂਦ ਹੌਂਸਲਾ ਪਹਾੜ ਜਿੰਨਾ ਰੱਖਦਾ ਹੈ। ਸੁਖਬੀਰ ਨੇ ਅਪਣੇ ਮਨ ਵਿੱਚ ਧਾਰ ਲਿਆ ਸੀ ਕਿ ਇਸ ਵਾਰ ਉਹ ਦੱਸਵੀਂ ਚੋਂ ਚੰਗੇ ਨੰਬਰ ਲਵੇਗਾ, ਜੋ ਕਿ ਉਸ ਨੇ ਕਰਕੇ ਵੀ ਦਿਖਾਇਆ। ਦੱਸ ਦਈਏ ਕਿ ਸੁਖਬੀਰ ਨੇ ਦੱਸਵੀਂ ਚੋਂ 91 ਫੀਸਦੀ ਨੰਬਰ ਹਾਸਿਲ ਕੀਤੇ ਹਨ ਅਤੇ ਉਹ ਸਰਕਾਰੀ ਸਕੂਲ ਦਾ ਵਿਦਿਆਰਥੀ ਹੈ।
ਪੈਰਾਂ ਨਾਲ ਲਿੱਖਣ 'ਚ ਸਮਰਥ:ਮੁਕਤਸਰ ਦੇ ਸਰਕਾਰੀ ਸਕੂਲ, ਮੁੰਡੀਆਂ ਵਾਲੇ ਦੀ ਦਸਵੀਂ ਜਮਾਤ ਵਿਚੋਂ ਸੁਖਬੀਰ ਨੇ ਚੰਗੇ ਨੰਬਰ ਹਾਸਿਲ ਕੀਤੇ ਹਨ। ਸੁਖਬੀਰ ਹੱਥਾਂ-ਪੈਰਾਂ ਤੋਂ ਅਪਾਹਿਜ ਹੈ। ਇਸ ਲਈ ਉਹ ਹੱਥਾਂ ਨਾਲ ਲਿੱਖ-ਪੜ੍ਹ ਨਹੀਂ ਸਕਦਾ, ਪਰ ਪੈਰਾਂ ਨਾਲ ਲਿੱਖਦਾ ਹੈ ਤੇ ਪੜ੍ਹਦਾ ਹੈ। ਆਪਣੀ ਮਿਹਨਤ ਤੇ ਮਾਂਪਿਓ, ਅਧਿਆਪਿਕਾ ਤੇ ਦੋਸਤ ਦੀ ਮਦਦ ਸਦਕਾ ਉਸ ਨੇ ਅਪਣੇ ਚੰਗੇ ਨੰਬਰ ਲੈਣ ਵਾਲੇ ਟੀਚੇ ਨੂੰ ਪੂਰਾ ਕੀਤਾ। ਸੁਖਬੀਰ ਨੇ ਦੱਸਿਆ ਕਿ ਜਦੋਂ ਉਸ ਦਾ ਦਸਵੀਂ ਦਾ ਨਤੀਜਾ ਆਇਆ, ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ 91 ਫੀਸਦੀ ਨੰਬਰ ਹਨ, ਉਹ ਬਹੁਤ ਖੁਸ਼ ਹੋਇਆ।
ਲੱਤਾਂ-ਬਾਹਾਂ ਤੋਂ ਅਪਾਹਿਜ ਸੁਖਬੀਰ, ਪਰ ਹੌਂਸਲੇ ਬੁਲੰਦ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ, ਮੈਂ ਚੰਗੇ ਨੰਬਰ ਹਾਸਿਲ ਕੀਤੇ। ਉਸ ਨੂੰ ਸਕੂਲ ਵਿੱਚ ਸਨਮਾਨਿਤ ਵੀ ਕੀਤਾ ਗਿਆ। ਉਸ ਨੇ ਕਦੇ ਵੀ ਹਾਰ ਨਹੀਂ ਮੰਨੀ ਤੇ ਇਸ ਦਾ ਸਿਹਰਾ ਅਧਿਆਪਕ ਤੇ ਮਾਤਾ ਪਿਤਾ ਨੂੰ ਜਾਂਦਾ ਹੈ, ਜਿੰਨਾ ਨੇ ਉਸ ਨੂੰ ਹਮੇਸ਼ਾ ਹੌਂਸਲਾ ਦਿੱਤਾ ਹੈ।
ਡੀਸੀ ਬਣਨ ਦਾ ਸੁਪਨਾ:ਸੁਖਬੀਰ ਨੇ ਕਿਹਾ ਕਿ, ਮੈਨੂੰ ਛੋਟੇ ਹੁੰਦੇ ਅਪਾਹਜ ਹੋਣਾ ਮਹਿਸੂਸ ਹੁੰਦਾ ਸੀ, ਕਦੇ ਕਦੇ ਘਰ ਵਾਲੇ ਵੀ ਕਹਿ ਦਿੰਦੇ ਸੀ ਕਿ ਅਜਿਹਾ ਦੇਣ ਨਾਲੋਂ, ਤਾਂ ਰਬ ਨਾ ਦਿੰਦਾ, ਪਰ ਉਸ ਨੇ ਕਦੇ ਹੌਂਸਲਾ ਨਹੀਂ ਹਾਰਿਆ ਅਤੇ ਕਿਸੇ ਦੀ ਵੀ ਪਰਵਾਹ ਨਹੀਂ ਕਰਦਾ। ਉਸ ਨੇ ਕਿਹਾ ਕਿ ਉਹ ਪੜ੍ਹ-ਲਿੱਖ ਕੇ ਅੱਗੇ ਵੱਧਣਾ ਚਾਹੁੰਦਾ ਹੈ। ਉਸ ਦਾ ਸੁਪਨਾ ਹੈ ਉਹ ਡਿਪਟੀ ਕਮਿਸ਼ਨਰ ਬਣੇ ਤੇ ਮਾਪਿਆਂ ਦਾ ਨਾਮ ਰੌਸ਼ਨ ਕਰੇ। ਹੁਣ ਮੇਰਾ ਮਾਂਪਿਓ ਤੇ ਅਧਿਆਪਿਕ ਮੇਰਾ ਪੂਰਾ ਸਾਥ ਦਿੰਦੇ ਹਨ।
ਮਨਪਸੰਦ ਵਿਸ਼ਾ ਪੰਜਾਬੀ:ਸੁਖਬੀਰ ਨੇ ਦੱਸਿਆ ਕਿ ਉਸ ਦਾ ਪਸਦੀਂਦਾ ਵਿਸ਼ਾ ਪੰਜਾਬੀ ਹੈ। ਉਸ ਨੇ ਕਿਹਾ ਕਿ ਪੰਜਾਬੀ ਆਪਣੀ ਮਾਂ ਬੋਲੀ ਹੈ, ਆਪਾਂ ਪੰਜਾਬੀ ਨੂੰ ਕਿਵੇਂ ਭੁੱਲ ਸਕਦੇ ਹਾਂ। ਪੰਜਾਬੀ ਹੀ ਬੋਲਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਉਹ ਸਕੂਲ ਤੋਂ ਇਲਾਵਾ ਘਰ ਆ ਕੇ ਪੜ੍ਹਾਈ ਕਰਦਾ ਹੈ। ਉਹ ਬਾਹਰ ਦੇ ਮੁਲਕ ਨਹੀਂ ਜਾਣਾ ਚਾਹੁੰਦਾ, ਬਲਕਿ ਇੱਥੇ ਰਹਿ ਕੇ ਅਪਣਾ ਭਵਿੱਖ ਸਵਾਰਨਾ ਚਾਹੁੰਦਾ ਹੈ। ਉਸ ਨੇ ਹੋਰਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਕਿਹਾ ਕਿ, ਜੋ ਨੌਜਵਾਨ ਨਸ਼ਾ ਕਰਦੇ ਹਨ, ਉਹ ਨਸ਼ਿਆਂ ਤੋਂ ਦੂਰ ਰਹਿਣ, ਤਾਂ ਜੋ ਅਪਣਾ ਭਵਿੱਖ ਬਣ ਸਕਣ।