ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਕੀਲ ਕੁਲਜਿੰਦਰ ਸਿੰਘ ਸਿੱਧੂ ਨੇ ਗਾਇਕ ਸਿੱਧੂ ਮੂਸੇਵਾਲੇ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਇਸ ਦੇ ਲਈ ਕੁਲਜਿੰਦਰ ਸਿੰਘ ਨੇ ਗਿੱਦੜਬਾਹਾ ਦੇ ਜਸਟਿਸ ਮਨਦੀਪ ਸਿੰਘ ਅਦਾਲਤ ਵਿੱਚ ਇਕ ਪਟੀਸ਼ਨ ਦਾਖਲ ਕੀਤੀ ਹੈ। ਉਨ੍ਹਾਂ ਨੇ ਆਪਣੀ ਪਟੀਸ਼ਨ ਵਿੱਚ ਸਿੱਧੂ ਮੂਸੇਵਾਲਾ ਵਿਰੁੱਧ ਮਾਈ ਭਾਗੋ ਦੇ ਨਾਂਅ ਦੀ ਗ਼ਲਤ ਤਰੀਕੇ ਨਾਲ ਵਰਤੋਂ ਕੀਤੇ ਜਾਣ ਦਾ ਦੋਸ਼ ਲਗਾਇਆ ਹੈ।
ਗਿੱਦੜਬਾਹਾ ਦੇ ਵਕੀਲ ਨੇ ਗਾਇਕ ਸਿੱਧੂ ਮੂਸੇਵਾਲਾ ਉੱਤੇ ਕੀਤਾ ਕੇਸ
ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਗਿੱਦੜਬਾਹਾ ਦੇ ਇੱਕ ਵਕੀਲ ਕੁਲਜਿੰਦਰ ਸਿੰਘ ਨੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਵਿਰੁੱਧ ਗਾਣੇ ਵਿੱਚ ਮਾਈ ਭਾਗੋ ਦੇ ਨਾਅਂ ਦੀ ਗ਼ਲਤ ਵਰਤੋਂ ਕਰਨ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਇਸ ਲਈ ਉਨ੍ਹਾਂ ਨੇ ਜੂਡੀਸ਼ੀਅਲ ਮੈਜਿਸਟਰੇਟ ਅਦਾਲਤ ਵਿੱਚ ਪਟੀਸ਼ਨ ਦਾਇਕ ਕਰਕੇ ਗਾਇਕ ਉੱਤੇ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਵਕੀਲ ਨੇ ਅਦਾਲਤ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਜ਼ਿਕਰ ਕਰਦਿਆਂ ਗਾਇਕ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਬਾਰੇ ਵਕੀਲ ਕੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਗਾਇਕ ਦੇ ਗੀਤ ਜੱਟੀ ਵਿੱਚ ਗਾਇਕ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਨ੍ਹਾਂ ਨੇ ਇਤਿਹਾਸ ਨੂੰ ਆਪਣੇ ਗਾਣੇ ਵਿੱਚ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮਾਤਾ ਭਾਗ ਕੌਰ ਜੀ ਨੇ ਮੁਗਲਾਂ ਵਿਰੁੱਧ ਅਨੇਕਾ ਲੜਾਈਆਂ ਲੜੀਆਂ ਅਤੇ ਖਿਦਰਾਣੇ ਦੀ ਲੜਾਈ 'ਚ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ। ਸਿੱਖਾਂ ਲਈ ਬੇਹੱਦ ਸ਼ਰਧਾ ਅਤੇ ਸਤਿਕਾਰਤ ਮਾਤਾ ਭਾਗ ਕੌਰ ਜੀ ਦੇ ਨਾਂਅ ਦੀ ਗ਼ਲਤ ਵਰਤੋਂ ਕਰਕੇ ਸਿੱਧੂ ਮੂਸੇਵਾਲਾ ਨੇ ਧਾਰਮਿਕ ਭਾਵਨਾਵਾਂ ਦੇ ਨਾਲ ਔਰਤਾਂ ਦੇ ਮਾਣ ਨੂੰ ਵੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਗਾਇਕ ਦਾ ਅਪਰਾਧ ਧਾਰਾ 295ਏ, 509 ਆਈ.ਪੀ.ਸੀ. ਅਧੀਨ ਆਉਂਦਾ ਹੈ। ਉਨ੍ਹਾਂ ਮਾਣਯੋਗ ਅਦਾਲਤ ਕੋਲੋਂ ਮੰਗ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਕੋਰਟ ਵਿੱਚ ਤਲਬ ਕੀਤਾ ਜਾਵੇ ਅਤੇ 30 ਸਤੰਬਰ ਨੂ ਮਾਮਲੇ ਦੀ ਅਗਲੀ ਸੁਣਵਾਈ ਰੱਖੀ ਗਈ ਹੈ।