ਸ੍ਰੀ ਮੁਕਤਸਰ ਸਾਹਿਬ: ਸੂਬੇ ਵਿੱਚ ਇੱਕ ਪਾਸੇ ਸਰਕਾਰ ਵੱਲੋਂ ਪ੍ਰਦੂਸ਼ਣ ਮੁਕਤ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਲਈ ਕਿਹਾ ਰਿਹਾ ਹੈ। ਦੂਜੇ ਪਾਸੇ ਸ਼ਹਿਰ ਵਿੱਚ ਪਟਾਕਾ ਵਪਾਰੀ ਅਤੇ ਪੁਲਿਸ ਵਿਭਾਗ ਵਿੱਚ ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਲੁਕਣਮੀਚੀ ਦੀ ਖੇਡ ਜਾਰੀ ਹੈ, ਜਿਸ ਕਾਰਨ ਕਰੋੜਾਂ ਰੁਪਏ ਦੇ ਪਟਾਕਿਆਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਬਚ ਨਿਕਲ ਰਹੇ ਹਨ।
ਪਟਾਕਿਆਂ ਦੇ ਵੱਡੇ ਜ਼ਖੀਰਿਆਂ ਨੂੰ ਫ਼ੜਨ ਦੀ ਥਾਂ 'ਲੁਕਣ-ਮੀਚੀ' ਖ਼ੇਡ ਰਹੀ ਹੈ ਸ੍ਰੀ ਮੁਕਤਸਰ ਸਾਹਿਬ ਪੁਲਿਸ ਬੁੱਧਵਾਰ ਸ਼ਹਿਰ ਵਿੱਚ ਪੁਲਿਸ ਵਿਭਾਗ ਨੇ ਕਿਸੇ ਅਣਹੋਣੀ ਘਟਨਾ ਤੋਂ ਸੁਰੱਖਿਆ ਲਈ ਪਟਾਕਿਆਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ 'ਤੇ ਛਾਪੇਮਾਰੀ ਕੀਤੀ ਪਰ ਪਹਿਲਾਂ ਹੀ ਸੂਚਨਾ ਮਿਲਣ ਕਾਰਨ ਇਹ ਪਟਾਕਾ ਵਪਾਰੀ ਸਟੋਰ ਬੰਦ ਕਰਕੇ ਭੱਜਣ ਵਿੱਚ ਸਫ਼ਲ ਰਹੇ। ਉਧਰ, ਪੁਲਿਸ ਤੇ ਫਾਇਰ ਵਿਭਾਗ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਬਾਰੇ ਕਿਹਾ ਜਾ ਰਿਹਾ ਹੈ।
ਇਸ ਮੌਕੇ ਛਾਪਾ ਮਾਰਨ ਵਾਲੀ ਟੀਮ ਦੇ ਡੀਐਸਪੀ ਹਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੁਲਿਸ ਵੱਲੋਂ ਪਟਾਕਿਆਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਪੇਸ਼ ਆ ਰਿਹਾ ਹੈ। ਇਸਦੇ ਨਾਲ ਹੀ ਗ਼ੈਰ-ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਪਟਾਕਿਆਂ ਦੀ ਸਟੋਰੇਜ ਸਬੰਧੀ ਵੀ ਪੁਲਿਸ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਕਿਹਾ ਕਿ ਜੇਕਰ ਪਟਾਕਿਆਂ ਦੀ ਸਟੋਰੇਜ਼ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਉਸ ਉਪਰ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਉਧਰ, ਦੀਵਾਲੀ ਦੇ ਮੱਦੇਨਜ਼ਰ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਬਾਰੇ ਸੂਬਾ ਸਿੰਘ ਸਬ-ਫ਼ਾਇਰ ਅਫ਼ਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਚਾਰ ਥਾਂਵਾਂ 'ਤੇ ਪਟਾਕੇ ਵੇਚਣ ਲਈ ਐਨਓਸੀ ਦਿੱਤੀ ਗਈ ਹੈ, ਜਦਕਿ ਭੀੜ ਵਾਲੀਆਂ ਥਾਵਾਂ 'ਤੇ ਕਿਸੇ ਨੂੰ ਵੀ ਪਟਾਕੇ ਵੇਚਣ ਲਈ ਮਨਜੂਰੀ ਨਹੀਂ ਦਿੱਤੀ ਗਈ ਹੈ।