ਲੰਬੀ:ਦੇਸ਼ ਦੇ ਇਤਿਹਾਸ ਵਿੱਚ ਉਮਰ ਦਰਾਜ਼ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਤੋਂ ਵਿਧਾਨ ਸਭਾ ਚੋਣ ਲੜ ਰਹੇ ਹਨ। ਬਾਦਲ ਇਸ ਵੇਲੇ 94 ਸਾਲਾਂ ਦੇ ਹਨ ਤੇ ਉਹ ਰੋਜ਼ਾਨਾ ਸਵੇਰੇ 10 ਵਜੇ ਆਪਣੇ ਹਲਕੇ ਲੰਬੀ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਲਈ ਚਲੇ ਜਾਂਦੇ ਹਨ। ਮਾਮੂਲੀ ਜਿਹੇ ਸਹਾਰੇ ਦੀ ਮੱਦਦ ਨਾਲ ਬਾਦਲ ਕਾਰ ਤੋਂ ਉਤਰਦੇ ਅਤੇ ਚੜ੍ਹਦੇ ਹਨ, ਬਾਦਲ ਇਕੱਠ ਨੂੰ ਕੁਰਸੀ ’ਤੇ ਬੈਠ ਕੇ ਸੰਬੋਧਿਤ ਕਰਦੇ ਹਨ।
ਇਹ ਵੀ ਪੜੋ:ਭਗਵੰਤ ਮਾਨ ਦਾ ਜਲੰਧਰ ਵਿਖੇ ਚੋਣ ਪ੍ਰਚਾਰ, ਕਹੀਆਂ ਵੱਡੀਆਂ ਗੱਲਾਂ
ਆਪਣੀ ਉਮਰ ਦੇ ਆਖ਼ਰੀ ਪੜਾਅ ਵਿੱਚ ਪ੍ਰਕਾਸ਼ ਸਿੰਘ ਬਾਦਲ ਚੋਣ ਪ੍ਰਚਾਰ ਨੂੰ ਹਾਲੇ ਵੀ ਬੜੀ ਦਿਲਚਸਪੀ ਨਾਲ ਲੈ ਰਹੇ ਹਨ। ਸਾਡੀ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਬਾਦਲ ਦਾ ਕਹਿਣਾ ਸੀ ਕਿ ਕਿਸੇ ਵੀ ਆਦਮੀ ਦੀ ਉਮਰ ਦਾ ਕੀ ਪਤਾ ਲੱਗਦਾ ਹੈ ਕਿਸਮਤ ਨੇ ਅਤੇ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਆਪਣੇ ਲੰਬੀ ਹਲਕੇ ਦੇ ਲੋਕਾਂ ਨਾਲ ਗਲੀ-ਗਲੀ ਜਾ ਕੇ ਮਿਲਣ ਦਾ ਫਿਰ ਮੌਕਾ ਦਿੱਤਾ ਹੈ। ਇਸੇ ਬਹਾਨੇ ਸਾਰੇ ਲੋਕਾਂ ਦੇ ਦਰਸ਼ਨ ਹੋ ਜਾਣਗੇ।
ਪਾਰਟੀ ਨੂੰ ਮੇਰੀ ਲੋੜ
ਇੰਨੀ ਲੰਬੀ ਉਮਰ ਦੇ ਬਾਵਜੂਦ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਟਿਕਟ ਦਿੱਤੇ ਜਾਣ ਦੀ ਕੀ ਮਜਬੂਰੀ ਸੀ ? ਇਸ ਪ੍ਰਸ਼ਨ ਦੇ ਜਵਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹਨ ਕਿ ਇੱਕ ਤਾਂ ਪਾਰਟੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਸੀ, ਜਦ ਕਿ ਪੰਜਾਬ ਨੂੰ ਬਰਬਾਦ ਕਰਨ ਲਈ ਆ ਰਹੀਆਂ ਕੁਝ ਪਾਰਟੀਆਂ ਦੇ ਗੁਮਰਾਹਕੁਨ ਪ੍ਰਚਾਰ ਦਾ ਜੁਆਬ ਦੇਣਾ ਉਨ੍ਹਾਂ ਦੀ ਮਜਬੂਰੀ ਵੀ ਸੀ, ਕਿਉਂਕਿ 60 ਸਾਲਾਂ ਤੋਂ ਉਹ ਪੰਜਾਬ ਦੀ ਰਾਜਨੀਤੀ ਵਿੱਚ ਸਿਰਫ਼ ਪੰਜਾਬ ਦੀ ਭਲਾਈ ਲਈ ਹੀ ਸੰਘਰਸ਼ ਕਰਦੇ ਆ ਰਹੇ ਹਨ।
ਆਪ ’ਤੇ ਨਿਸ਼ਾਨਾ
ਪ੍ਰਕਾਸ਼ ਸਿੰਘ ਬਾਦਲ ਆਪਣੇ ਸੰਬੋਧਨਾਂ ਵਿੱਚ ਸਿੱਧਾ ਸਿੱਧਾ ਨਿਸ਼ਾਨਾ ਆਮ ਆਦਮੀ ਪਾਰਟੀ ਨੂੰ ਵੀ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਸਿੱਧੇ ਤੌਰ ’ਤੇ ਪ੍ਰਦੂਸ਼ਣ ਦੇ ਇਲਜ਼ਾਮ ਪੰਜਾਬ ਦੇ ਕਿਸਾਨਾਂ ਅਤੇ ਹੋਰ ਲੋਕਾਂ ’ਤੇ ਲਾ ਰਹੀ ਹੈ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਵਾਲਾ ਧੂੰਆਂ ਪੰਜਾਬ ਦੇ ਕਿਸਾਨ ਭੇਜਦੇ ਹਨ, ਦਿੱਲੀ ਵਿੱਚ ਪ੍ਰਦੂਸ਼ਣ ਪੰਜਾਬ ਦੇ ਥਰਮਲ ਪਲਾਂਟਾਂ ਵੱਲੋਂ ਪੈਦਾ ਜਾਂਦਾ ਹੈ ਜਦਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਪੰਜਾਬ ਦੇ ਪਾਣੀ ’ਤੇ ਵੀ ਅੱਖ ਰੱਖੀ ਬੈਠੇ ਹਨ, ਜੋ ਉਹ ਦਿੱਲੀ ਨੂੰ ਦੇਣਾ ਚਾਹੁੰਦੇ ਹਨ।