ਜਾਣਕਾਰੀ ਮੁਤਾਬਕ ਗਿੱਦੜਬਾਹਾ ਦੇ ਪਿੰਡ ਛੱਤਿਆਣਾ ਵਿਖੇ ਪੰਜਾਬੀ ਏਕਤਾ ਪਾਰਟੀ ਦੇ ਹਲਕਾ ਫਰੀਦਕੋਟ ਤੋਂ ਸੰਭਾਵੀਂ ਉਮੀਦਵਾਰ ਅਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਮੀਟਿੰਗ ਲਈ ਪਹੁੰਚੇ। ਉਸ ਸਮੇਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਦੇ ਛੱਪੜ ਦਾ ਨਵੀਨੀਕਰਨ ਕਰਕੇ ਉਸ ਨੂੰ ਝੀਲਾਂ ਦਾ ਰੂਪ ਦਿੱਤਾ ਜਾ ਰਿਹਾ ਹੈ ਪਰ ਉਸ ਲਈ ਆਏ ਫੰਡਾਂ 'ਚ ਵੱਡੀ ਹੇਰਾਫੇਰੀ ਕੀਤੀ ਗਈ ਹੈ।
ਵਿਕਾਸ ਕੰਮਾਂ ਦੇ ਫੰਡਾਂ ਦੀ ਨਹੀਂ ਹੋ ਰਹੀ ਸਹੀ ਵਰਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਆਪਣੀ ਟੀਮ ਸਮੇਤ ਮੌਕੇ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਚੱਲ ਰਹੇ ਕੰਮ 'ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਜੋ ਅੰਦਰਲੀ ਚਾਰ ਦੀਵਾਰੀ ਕੀਤੀ ਹੈ ਉਸ 'ਤੇ ਲੱਗੇ ਮਾੜੇ ਮਟੀਰੀਅਲ ਕਾਰਨ ਕਈ ਥਾਵਾਂ ਤੋਂ ਇੱਟਾਂ ਡਿੱਗ ਚੁੱਕੀਆਂ ਹਨ।
ਇਸ ਮੌਕੇ ਮੌਜੂਦ ਮਜਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਕਾਫੀ ਸਮਾਂ ਇੱਥੇ ਮਜਦੂਰੀ ਕੀਤੀ ਹੈ ਅਤੇ ਇੱਥੇ ਵਰਤੀ ਗਈ ਰੇਤਾ ਛੱਪੜ ਚੋਂ ਹੀ ਕੱਢੀ ਗਈ ਹੈ ਤੇ ਸੀਮੈਂਟ ਵੀ ਪੂਰੀ ਮਾਤਰਾ 'ਚ ਨਹੀਂ ਪਾਇਆ ਗਿਆ। ਇਸ ਮੌਕੇ ਪਹੁੰਚੇ ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਨੇ ਮੌਕੇ 'ਤੇ ਘਟੀਆ ਮਟੀਰੀਅਲ ਨਾਲ ਲੱਗੀਆਂ ਇੱਟਾਂ ਅਸਾਨੀ ਨਾਲ ਪੁੱਟ ਕੇ ਪੱਤਰਕਾਰਾਂ ਨੂੰ ਵਿਖਾਈਆਂ।
ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਉਹ ਇਸ ਕੰਮ ਦੀ ਜਾਂਚ ਸਬੰਧੀ ਡਿਪਟੀ ਕਮਿਸ਼ਨਰ ਨੂੰ ਲਿਖਤੀ ਤੌਰ 'ਤੇ ਕਹਿਣਗੇ ਅਤੇ ਜੇਕਰ ਫਿਰ ਵੀ ਗੱਲ ਨਾ ਬਣੀ ਤਾਂ ਉਹ ਇਸ ਮੁੱਦੇ ਨੂੰ 12 ਤਾਰੀਕ ਤੋਂ ਚੱਲਣ ਵਾਲੇ ਵਿਧਾਨ ਸਭਾ ਸੈਸ਼ਨ 'ਚ ਚੁੱਕਣਗੇ ਅਤੇ ਇਸ ਵੱਡੇ ਘਪਲੇ ਨੂੰ ਬੇਪਰਦਾ ਕਰਨਗੇ।