ਸ੍ਰੀ ਮੁਕਤਸਰ ਸਾਹਿਬ: ਬਾਹਰੀ ਸੂਬਿਆਂ ਤੋਂ ਝੋਨਾ ਮੰਗਵਾਉਣ ਵਾਲੇ ਸਰਮਾਏਦਾਰ ਵਪਾਰੀਆਂ ਨੂੰ ਛੱਡ, ਦਿਹਾੜੀਦਾਰ ਅਤੇ ਗ਼ਰੀਬ ਟਰੱਕ ਡਰਾਈਵਰਾਂ 'ਤੇ ਪਰਚੇ ਦਰਜ ਕਰ ਕੇ ਪ੍ਰਸ਼ਾਸਨ ਵੱਲੋਂ ਖ਼ਾਨਾ ਪੂਰਤੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜ੍ਹਾਗੁੱਜ਼ਰ ਨੇ ਦੱਸਿਆ ਕਿ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਰੋਡ 'ਤੇ ਪਿੰਡ ਵੜਿੰਗ ਦੇ ਟੋਲ ਪਲਾਜ਼ਾ ਵਿਖੇ ਕਿਸਾਨਾਂ ਵੱਲੋਂ ਇੱਕ ਹਫ਼ਤਾ ਪਹਿਲਾਂ ਦੇ ਰੋਕੇ ਝੋਨੇਂ ਦੇ ਟਰੱਕਾਂ ਖਿਲਾਫ਼ ਪ੍ਰਸ਼ਾਸਨ ਅਤੇ ਪੁਲਿਸ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ।
ਬਾਹਰੀ ਸੂਬਿਆਂ ਤੋਂ ਆਏ ਝੋਨੇ ਨੂੰ ਲੈ ਕੇ ਪ੍ਰਸ਼ਾਸਨ ਬਾਰੇ ਕਿਸਾਨਾਂ ਦਾ ਵੱਡਾ ਖੁਲਾਸਾ ਕਿਸਾਨ ਆਗੂ ਨੇ ਕਥਿਤ ਤੌਰ ਉੱਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮਾਰਕੀਟ ਕਮੇਟੀ ਨੇ ਬਾਹਰੀ ਸੂਬੇ, ਉੱਤਰ ਪ੍ਰਦੇਸ਼ ਤੋਂ ਆਏ ਇਸ ਝੋਨੇਂ ਦੀ ਮਾਰਕੀਟ ਫ਼ੀਸ ਵੱਜੋਂ 37 ਹਜ਼ਾਰ ਰੁਪਏ ਲੈ ਕੇ ਇਹਨਾਂ ਝੋਨੇ ਦੇ ਟਰੱਕਾਂ ਨੂੰ ਸਰਕਾਰੀ ਰਿਕਾਰਡ 'ਚ ਲਿਆਂਦਾ ਹੈ। ਹੁਣ ਕਿਸਾਨਾਂ ਅਤੇ ਵੱਡੀਆਂ ਫ਼ਰਮਾਂ ਦਰਮਿਆਨ ਪੁਲਿਸ ਵੱਲੋਂ ਸਮਝੌਤਾ ਕਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਤਾਂ ਜੋ ਕਿਸਾਨ ਇੰਨਾਂ ਟਰੱਕਾਂ ਨੂੰ ਛੱਡ ਦੇਣ ਅਤੇ ਧਨਾਡ ਵਪਾਰੀਆਂ ਨੂੰ ਕਿਸੇ ਤਰ੍ਹਾਂ ਦੇ ਆਰਥਿਕ ਨੁਕਸਾਨ ਅਤੇ ਕਾਨੂੰਨੀ ਕਾਰਵਾਈ ਤੋਂ ਬਚਾਇਆ ਜਾ ਸਕੇ।
ਇਸ ਮਾਮਲੇ ਵਿੱਚ ਹੈਰਾਨੀ ਯੋਗ ਗੱਲ ਤਾਂ ਇਹ ਰਹੀ ਕਿ ਜਦੋਂ ਈਟੀਵੀ ਭਾਰਤ ਦੀ ਟੀਮ ਟੋਲ ਪਲਾਜ਼ੇ ਉੱਤੇ ਕਿਸਾਨਾਂ ਦੀ ਗੱਲਬਾਤ ਕਰਨ ਪਹੁੰਚੀ ਤਾਂ ਉੱਥੇ ਮੌਜੂਦ ਥਾਣਾ ਬਰੀਵਾਲਾ ਦੀ ਪੁਲਿਸ ਮੀਡੀਆ ਨੂੰ ਬਿਨਾਂ ਕੋਈ ਜਾਣਕਾਰੀ ਦਿੱਤੇ ਹੀ, ਮੌਕੇ ਤੋਂ ਰਫ਼ੂਚੱਕਰ ਹੋ ਗਈ।