ਸ੍ਰੀ ਮੁਕਤਸਰ ਸਾਹਿਬ:ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਮ ਦੇ ਰਹਿਣ ਵਾਲੇ ਬਜ਼ੁਰਗ ਬਲਜੀਤ ਸਿੰਘ ਮਾਨ ਸਬੰਧੀ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਰਹੀਆ ਹਨ। ਪਿੰਡ ਬਾਮ ਦੇ ਰਹਿਣ ਵਾਲੇ 87 ਸਾਲ ਦੇ ਬਲਜੀਤ ਸਿੰਘ ਨੇ ਦੱਸਿਆ ਹੈ ਕਿ 2011 ਵਿਚ ਉਸਦੀ ਪਤਨੀ ਦੀ ਮੌਤ ਹੋ ਗਈ ਸੀ। ਉਸਦੀ ਪਤਨੀ ਜਦੋਂ ਜਿਉਂਦੀ ਸੀ ਤਾਂ ਉਸਨੇ ਫੈਸਲਾ ਲਿਆ ਸੀ ਕਿ ਆਪਣੀ ਪ੍ਰਾਪਰਟੀ ਕਿਸੇ ਵੀ ਤਰ੍ਹਾਂ ਸ਼ਰੀਕਾਂ ਨੂੰ ਨਹੀਂ ਦੇਣਗੇ। ਉਹ ਜ਼ਮੀਨ ਦਾਨ ਦੇਣਗੇ।
ਇਨ੍ਹਾਂ ਨੂੰ ਮਿਲੀ ਜ਼ਮੀਨ ਅਤੇ ਕੋਠੀ: ਉਨ੍ਹਾਂ ਦੱਸਿਆ ਕਿ ਆਪਣੀ ਔਲਾਦ ਨਾ ਹੋਣ ਦੇ ਕਾਰਨ ਬਲਜੀਤ ਸਿੰਘ ਨੇ ਪਿੰਡ ਬਾਮ ਵਿਖੇ ਸਥਿਤ ਆਪਣੀ ਕਰੀਬ 30 ਏਕੜ ਜ਼ਮੀਨ ਉਹਨਾਂ ਵਿਅਕਤੀਆਂ ਨੂੰ ਦਾਨ ਦਿੱਤੀ ਜੋ ਉਹਨਾਂ ਕੋਲ ਕੰਮ ਕਰਦੇ ਸਨ। ਬਲਜੀਤ ਸਿੰਘ ਅਨੁਸਾਰ ਉਹਨਾਂ ਕੋਲ ਬਠਿੰਡੇ ਪੈਟਰੋਲ ਪੰਪ ਉੱਤੇ ਕੰਮ ਕਰਦੇ ਇਕਬਾਲ ਸਿੰਘ ਦੇ ਨਾਂ 19 ਏਕੜ ਜ਼ਮੀਨ ਲਗਵਾਈ ਗਈ ਹੈ। ਦੋ ਹੋਰਾਂ ਦੇ ਨਾਮ ਛੇ ਅਤੇ ਚਾਰ ਏਕੜ ਜਮੀਨ ਕਰਵਾਈ ਗਈ ਹੈ। ਉਧਰ ਜਮੀਨ ਦਾਨ ਵਿਚ ਮਿਲਣ ਉੱਤੇ ਇਕਬਾਲ ਸਿੰਘ ਨੇ ਖੁਸ਼ੀ ਮਹਿਸੂਸ ਕੀਤੀ ਅਤੇ ਕਿਹਾ ਕਿ ਉਸਨੇ ਖੂਬ ਮਿਹਨਤ ਨਾਲ ਕੰਮ ਕੀਤਾ ਹੈ। ਜਮੀਨ ਵਿਚ ਬਣੀ ਆਲੀਸ਼ਾਨ ਕੋਠੀ ਵੀ ਕਾਮੇ ਇਕਬਾਲ ਸਿੰਘ ਨੂੰ ਦਾਨ ਦਿੱਤੀ ਗਈ ਹੈ ਅਤੇ ਬਲਜੀਤ ਸਿੰਘ ਆਪ ਦੋ ਕਮਰਿਆਂ ਦੇ ਖੇਤ ਵਿਚ ਬਣੇ ਮਕਾਨ ਵਿਚ ਹੀ ਰਹਿ ਰਿਹਾ ਹੈ।