ਸ੍ਰੀ ਮੁਕਤਸਰ ਸਾਹਿਬ :ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਲੰਬੀ ਵਿਖੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਦੀ ਦੇਹ ਨੂੰ ਟਰੈਕਟਰ ਵਿਚ ਘਰ ਤੋਂ ਖੇਤ (ਜਿੱਥੇ ਅੰਤਿਮ ਸੰਸਕਾਰ ਕੀਤਾ ਜਾਵੇਗਾ) ਲਿਜਾਇਆ ਜਾਵੇਗਾ। ਇਸ ਟਰੈਕਟਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ, ਜਿਸ 'ਤੇ ਫਖ਼ਰ-ਏ-ਕੌਮ ਲਿਖਿਆ ਗਿਆ ਹੈ।
ਅੰਤਿਮ ਦਰਸ਼ਨ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਲੰਬੀ ਵਿਖੇ ਕੀਤਾ ਜਾਵੇਗਾ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਥਾਂ ਦੀ ਘਾਟ ਕਾਰਨ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਹੀ ਕੀਤਾ ਜਾਵੇਗਾ। ਦੁਪਹਿਰ 1 ਵਜੇ ਦੇ ਕਰੀਬ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦੁਪਹਿਰ 12 ਵਜੇ ਤੱਕ ਅੰਤਿਮ ਦਰਸ਼ਨਾਂ ਲਈ ਘਰ ਰੱਖਿਆ ਗਿਆ ਹੈ। ਅੰਤਿਮ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਸਿਆਸੀ ਆਗੂ ਤੇ ਸਥਾਨਕ ਲੋਕ ਪਹੁੰਚ ਰਹੇ ਹਨ।
ਅੰਤਿਮ ਵਿਦਾਈ:ਪਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਕੋਲ ਪੁੱਤਰ ਸੁਖਬੀਰ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ, ਪੋਤਰਾ ਅਨੰਤਬੀਰ ਅਤੇ ਦੋਹਤੀਆਂ ਗੁਰਲੀਨ ਅਤੇ ਹਰਲੀਨ ਕੌਰ ਵਿਰਲਾਪ ਕਰਦੇ ਹੋਏ ਨਜ਼ਰ ਆਏ। ਅੰਤਿਮ ਸਸਕਾਰ ਲਈ ਪਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਵਿਸ਼ੇਸ਼ ਤਿਆਰ ਕੀਤੇ ਗਏ ਟਰੈਕਟਰ ਵਿੱਚ ਲਿਜਾਇਆ ਜਾਵੇਗਾ। ਅੰਤਿਮ ਵਿਦਾਈ ਵਿੱਚ ਸ਼ਾਮਲ ਹੋਣ ਲਈ ਭਾਜਪਾ ਆਗੂ ਮਨਜਿੰਦਰ ਸਿਰਸਾ ਵੀ ਪਹੁੰਚੇ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਸ਼ਾਮਲ ਹੋਣਗੇ। ਹੋਰ ਕਈ ਵੱਡੇ ਨੇਤਾ ਵੀ ਪਰਕਾਸ਼ ਸਿੰਘ ਬਾਦਲ ਨੂੰ ਅੰਤਿਮ ਵਿਦਾਈ ਦੇਣਗੇ।