ਸ੍ਰੀ ਮੁਕਤਸਰ ਸਾਹਿਬ:ਨੌਜਵਾਨਾਂ ਵੱਲੋਂ ਆਪਣੀ ਸੁਰੱਖਿਆ ਲਈ ਰੱਖੇ ਲਾਇਸੈਂਸੀ ਹਥਿਆਰ, ਅੱਜ ਕੱਲ੍ਹ ਮਾਮੂਲੀ ਤਕਰਾਰ ਪਿੱਛੇ ਵਾਰਦਾਤ ਨੂੰ ਅੰਜਾਮ ਦੇਣ ਦੇ ਕਾਰਨ ਬਣ ਰਹੇ ਹਨ।ਮਲੋਟ ਰੋਡ 'ਤੇ ਸਥਿਤ ਨਰਾਇਣਗੜ੍ਹ ਪੈਲੇਸ ਵਿਖੇ ਵਿਆਹ ਸਮਾਗਮ ਦੌਰਾਨ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਚੱਲੀ ਗੋਲੀ ਨਾਲ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਝਗੜਾ ਕਰਨ ਵਾਲੇ ਦੋਵੇਂ ਧਿਰਾਂ ਦੇ ਲੋਕ ਵਿਆਹ 'ਚ ਲਾੜੇ ਦੇ ਪਾਸੇ ਤੋਂ ਆਏ ਸਨ। ਜ਼ਖਮੀ ਵਿਅਕਤੀ ਫਾਈਨਾਂਸ ਕੰਪਨੀ ਦਾ ਮਾਲਕ ਦੱਸਿਆ ਜਾਂਦਾ ਹੈ ਜਿਸ ਦੀ ਪਛਾਣ ਗੁਰਲਾਲ ਸਿੰਘ ਸੰਧੂ ਵਾਸੀ ਗੱਟਾ ਬਾਦਸ਼ਾਹ (ਫਿਰੋਜ਼ਪੁਰ) ਵਜੋਂ ਹੋਈ ਹੈ।
ਮਾਮੂਲੀ ਗੱਲ ਤੋਂ ਝਗੜਾ ਤੇ ਚੱਲੀ ਗੋਲੀ:ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਲਾਲ ਸਿੰਘ ਜੋ ਕਿ ਪਿੰਡ ਗੱਟਾ ਬਾਦਸ਼ਾਹ ਤੋਂ ਮੁਕਤਸਰ ਦੇ ਨਰਾਇਣਗੜ੍ਹ ਪੈਲੇਸ ਤੱਕ ਬਰਾਤ ਨਾਲ ਆਏ ਸਨ। ਵਿਆਹ ਵਿੱਚ ਸਾਰੇ ਦੋਸਤ ਅਤੇ ਰਿਸ਼ਤੇਦਾਰ ਡੀਜੇ 'ਤੇ ਭੰਗੜਾ ਪਾ ਰਹੇ ਸਨ। ਇਸ ਦੌਰਾਨ ਸਟੇਜ ਸੰਚਾਲਕ ਵੱਲੋਂ ਗੁਰਲਾਲ ਅਤੇ ਉਸ ਦੇ ਹੋਰ ਦੋਸਤਾਂ ਦੇ ਨਾਵਾਂ ਦਾ ਵਾਰ-ਵਾਰ ਐਲਾਨ ਕੀਤਾ ਜਾ ਰਿਹਾ ਸੀ। ਜਿਸ ਕਾਰਨ ਦੂਜੇ ਗਰੁੱਪ ਵਿੱਚ ਭੰਗੜਾ ਪਾ ਰਹੇ ਫਰੀਦਕੋਟ ਦੇ ਪਿੰਡ ਮਨੀਵਾਲ ਵਾਸੀ ਹਰਮੇਸ਼ ਸਿੰਘ ਜੋ ਕਿ ਲਾੜੇ ਦਾ ਰਿਸ਼ਤੇਦਾਰ ਸੀ, ਭੜਕ ਗਿਆ ਅਤੇ ਗੁਰਲਾਲ ਨੂੰ ਗਲਤ ਬੋਲਣਾ ਸ਼ੁਰੂ ਕਰ ਦਿੱਤਾ।