ਨਵਾਂਸ਼ਹਿਰ: ਜ਼ਿਲ੍ਹੇ ’ਚ ਕੋਰੋਨਾ ਵਾਇਰਸ ਖ਼ਿਲਾਫ਼ ਲੜ ਰਹੇ ਮੈਡੀਕਲ ਸੇਵਾਵਾਂ ਨਾਲ ਸਬੰਧਤ ਕੋਰੋਨਾ ਯੋਧਿਆਂ ਦੇ ਹੌਂਸਲੇ ਤੋਂ ਪ੍ਰਭਾਵਿਤ ਹਲਕਾ ਵਿਧਾਇਕ ਅੰਗਦ ਸਿੰਘ ਨੇ ਜ਼ਿਲ੍ਹਾ ਹਸਪਤਾਲ ਦੇ ਸਮੁੱਚੇ ਅਮਲੇ ਨੂੰ ਪ੍ਰਸ਼ੰਸਾ ਪੱਤਰ ਅਤੇ ਦਰਜਾ ਚਾਰ, ਸਫ਼ਾਈ ਸੇਵਕਾਂ ਅਤੇ ਠੇਕੇ ’ਤੇ ਕੰਮ ਕਰਦੇ ਮੈਡੀਕਲ ਸਟਾਫ਼ ਨੂੰ ਪੰਜ-ਪੰਜ ਹਜ਼ਾਰ ਦੀ ਨਕਦੀ ਨਾਲ ਸਨਮਾਨਿਤ ਕੀਤਾ। ਆਪਣੇ ਸੰਬੋਧਨ ’ਚ ਵਿਧਾਇਕ ਨੇ ਆਖਿਆ ਕਿ ਰਾਜਨੀਤਕ ਪ੍ਰਤੀਨਿਧ ਅੱਜ ਦੇ ਮਾਹੌਲ ’ਚ ਕੇਵਲ ਚੰਗੇ ਕੰਮ ਦੀ ਹੌਂਸਲਾ ਅਫ਼ਜ਼ਾਈ ਹੀ ਕਰ ਸਕਦੇ ਹਨ।
ਸਮਾਗਮ ਦੌਰਾਨ 161 ਕਰਮਚਾਰੀਆਂ ਲਈ ਪ੍ਰਸ਼ੰਸਾ ਪੱਤਰ (ਸਿਫ਼ਟਾਂ ’ਚ ਕੰਮ ਕਰਦੇ ਹੋਣ ਕਾਰਨ ਬਾਕੀਆਂ ਦੇ ਐਸ ਐਮ ਓ ਹਰਵਿੰਦਰ ਸਿੰਘ ਨੂੰ ਸੌਂਪੇ ਗਏ) ਅਤੇ 70 ਕਰਮਚਾਰੀਆਂ ਲਈ 3.50 ਲੱਖ ਰੁਪਏ ਦੇ ਨਕਦ ਇਨਾਮਾਂ ਤੋਂ ਇਲਾਵਾ ਦਰਜਾ ਚਾਰ ਕਰਮਚਾਰੀਆਂ ਨੂੰ ਸਰਕਾਰ ਦੀ ਤਰਫ਼ੋਂ ਰਾਸ਼ਨ ਕਿੱਟਾਂ ਵੀ ਸੌਂਪੀਆਂ ਗਈਆਂ।
ਵਿਧਾਇਕ ਨੇ ਕਿਹਾ ਕਿ ਸਭ ਤੋਂ ਔਖੀ ਸਥਿਤੀ ਅੱਜ ਡਾਕਟਰ ਤੋਂ ਲੈ ਕੇ ਦਰਜਾ ਚਾਰ ਤੱਕ ਮੈਡੀਕਲ ਸੇਵਾਵਾਂ ਦੇਣ ਵਾਲਿਆਂ ਲਈ ਬਣੀ ਹੋਈ ਹੈ, ਜਿਹੜੇ ਆਈਸੋਲੇਸ਼ਨ ਵਾਰਡਾਂ ’ਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗ਼ੈਰ ਮਰੀਜ਼ਾਂ ਦਾ ਧਿਆਨ ਰੱਖ ਰਹੇ ਹਨ। ਉਨ੍ਹਾਂ ਇਸ ਮੌਕੇ ਇੱਕ ਮਿੰਟ ਲਈ ਸਾਰਿਆਂ ਦੇ ਮਾਣ-ਸਨਮਾਨ ’ਚ ਤਾੜੀਆਂ ਵੀ ਵਜਾਈਆਂ ਅਤੇ ਉਨ੍ਹਾਂ ਨੂੰ ਕੋਵਿਡ-19 ਵਿਰੁੱਧ ਜੰਗ ਦੇ ਅਸਲ ਨਾਇਕ ਕਹਿ ਕੇ ਸੰਬੋਧਿਤ ਕੀਤਾ।