ਨਵਾਂਸ਼ਹਿਰ: ਬਸਪਾ ਸੁਪਰੀਮੋ ਮਾਇਆਵਤੀ ਮੰਗਲਵਾਰ ਨੂੰ ਨਵਾਂਸ਼ਹਿਰ ਤੋਂ ਅਕਾਲੀ ਦਲ-ਬਸਪਾ ਉਮੀਦਵਾਰ ਨਛੱਤਰ ਪਾਲ, ਬੰਗਾ ਤੋਂ ਉਮੀਦਵਾਰ ਡਾ: ਸੁਖਵਿਦਰ ਸੁੱਖੀ ਅਤੇ ਬਲਾਚੌਰ ਤੋਂ ਉਮੀਦਵਾਰ ਸੁਨੀਤਾ ਚੌਧਰੀ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ। ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹਿਣਗੇ।
ਪ੍ਰਸ਼ਾਸਨ ਦੀ ਤਰਫ਼ੋਂ ਰੈਲੀ ਵਿੱਚ ਸਿਰਫ਼ ਇੱਕ ਹਜ਼ਾਰ ਲੋਕਾਂ ਨੂੰ ਹੀ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਰੈਲੀ ਵਿੱਚ ਵਰਕਰਾਂ ਦੀ ਥਾਂ ਮੁੱਖ ਆਗੂ ਹੀ ਹਿੱਸਾ ਲੈ ਸਕਦੇ ਹਨ। ਕੋਰੋਨਾ ਪ੍ਰੋਟੋਕੋਲ ਦੇ ਮੱਦੇਨਜ਼ਰ ਚੋਣ ਰੈਲੀ ਬਹੁਤ ਸੀਮਤ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਅਕਾਲੀ ਬਸਪਾ ਦੇ ਗਠਜੋੜ ਤੋਂ ਬਾਅਦ ਨਵਾਂਸ਼ਹਿਰ ਦੀ ਸੀਟ ਬਸਪਾ ਨੂੰ ਮਿਲੀ ਸੀ।
ਦੂਜੇ ਪਾਸੇ ਬਸਪਾ ਸੁਪਰੀਮੋ ਮਾਇਆਵਤੀ ਵੱਲੋਂ ਨਵਾਂਸ਼ਹਿਰ ਦੇ ਰਿਟਰਨਿੰਗ ਅਫ਼ਸਰ ਨੂੰ ਦਿੱਤੀ ਸ਼ਿਕਾਇਤ ’ਤੇ ਬਸਪਾ ਸੀਟ ਤੋਂ ਜਾਅਲੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਬਰਜੀਦਾਰ ਸਿੰਘ ਹੁਸੈਨਪੁਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਅਕਾਲੀ ਦਲ ਨਵਾਂਸ਼ਹਿਰ ਦੀ ਟਿਕਟ ਬਦਲਣਾ ਚਾਹੁੰਦਾ ਹੈ। ਕਿਉਂਕਿ ਬਰਜੀਦਾਰ ਸਿੰਘ ਹੁਸੈਨਪੁਰ ਦੇ ਪਿਤਾ ਮਹਿੰਦਰ ਸਿੰਘ ਹੁਸੈਨਪੁਰ ਦੇ ਅਕਾਲੀ ਦਲ ਦੇ ਪੁਰਾਣੇ ਆਗੂ ਰਹੇ ਹਨ।