ਨਵਾਂ ਸ਼ਹਿਰ: ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਬਚਾਅ ਲਈ ਕੀਤੇ ਜਾ ਰਹੇ ਪ੍ਰਬੰਧਾਂ ਤਹਿਤ ਹੁਣ ਤੱਕ 415 ਵਿਅਕਤੀਆਂ ਦੇ ਟੈਸਟ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 382 ਦੀ ਰਿਪੋਰਟ ਨੈਗੇਟਿਵ ਆਈ ਹੈ ਜਦ ਕਿ 14 ਦੀ ਰਿਪੋਰਟ ਉਡੀਕੀ ਜਾ ਰਹੀ ਹੈ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਨੂੰ ਬਿਮਾਰੀ ਦਾ ਕੇਂਦਰ ਬਣਨ ਤੋਂ ਰੋਕਣ ਲਈ ਸਾਂਝੇ ਤੌਰ ’ਤੇ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਦੀ ਅਗਵਾਈ ’ਚ ਕੀਤੇ ਯਤਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਤੁਸ਼ਟੀ ਦੀ ਗੱਲ ਹੈ ਕਿ ਪਿਛਲੇ 17 ਦਿਨਾਂ ’ਚ ਜ਼ਿਲ੍ਹੇ ’ਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ।
ਡਾ. ਭਾਟੀਆ ਅਨੁਸਾਰ ਜ਼ਿਲ੍ਹੇ ’ਚ ਹੁਣ ਤੱਕ ਸਾਹਮਣੇ ਆਏ 19 ਮਾਮਲਿਆਂ ’ਚੋਂ 18 ਦਾ ਇਲਾਜ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਕੀਤਾ ਗਿਆ ਹੈ, ਜਿੱਥੋਂ 13 ਮਰੀਜ਼ ਬਿਲਕੁਲ ਤੰਦਰੁਸਤ ਹੋ ਚੁੱਕੇ ਹਨ ਜਦਕਿ ਬਾਕੀ ਦੇ 5 ਵੀ ਸਿਹਤ ਪੱਖੋਂ ਬਿਲਕੁਲ ਠੀਕ ਹਨ।