ਧੂਰੀ (ਸੰਗਰੂਰ): ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਵਿਧਾਨ ਸਭਾ ਹਲਕਾ ਧੂਰੀ ਦੇ ਵੱਖ- ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਦੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਵਿਚੋਂ ਮਾਫੀਆ ਰਾਜ ਖ਼ਤਮ ਕੀਤਾ ਜਾਵੇਗਾ ਅਤੇ ਚਿਟਫੰਡ ਕੰਪਨੀਆਂ (ਪਰਲ ਅਤੇ ਕਰਾਊਨ) ਤੋਂ ਲੋਕਾਂ ਦਾ ਪੈਸਾ ਵਾਪਸ ਕਰਵਾਇਆ ਜਾਵੇਗਾ।
ਭਗਵੰਤ ਮਾਨ ਨੇ ਸ਼ਨੀਵਾਰ ਨੂੰ ਧੂਰੀ ਵਿੱਚ ਚੋਣ ਪ੍ਰਚਾਰ ਦੌਰਾਨ ਵੱਖ- ਵੱਖ ਥਾਂਵਾਂ 'ਤੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਆਪਣੇ ਸਾਥੀ ਤੇ ਅਦਾਕਾਰ ਕਰਮਜੀਤ ਅਨਮੋਲ ਨਾਲ ਲੋਕ ਕਵੀ ਸੰਤ ਰਾਮ ਉਦਾਸੀ ਦਾ ਵਿਸ਼ਵ ਪ੍ਰਸਿੱਧ ਗੀਤ 'ਚੜਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇਹੜੇ' ਗਾ ਕੇ ਲੋਕਾਂ ਨੂੰ ਪੰਜਾਬ 'ਚ 10 ਮਾਰਚ ਨੂੰ 'ਨਵਾਂ ਸੂਰਜ' ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚੜਾਉਣ ਦੀ ਅਪੀਲ ਕੀਤੀ। ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ 10 ਮਾਰਚ ਨੂੰ ਪੰਜਾਬ ਵਿੱਚ ਅਹਿਜਾ ਸੂਰਜ ਚੜੇਗਾ, ਜਿਹੜਾ ਹਰ ਘਰ ਵਿੱਚ ਚਾਨਣ ਕਰੇੇਗਾ। ਭ੍ਰਿਸ਼ਟਾਚਾਰ ਅਤੇ ਮਾਫੀਆ ਖ਼ਤਮ ਕਰੇਗਾ। ਹਰ ਨੌਜਵਾਨ ਨੂੰ ਰੋਜ਼ਗਾਰ ਦੇਵੇਗਾ। ਹਰ ਘਰ ਵਿੱਚ ਸੁੱਖਾਂ ਦਾ ਪ੍ਰਸਾਰਾ ਕਰੇਗਾ।
ਭਗਵੰਤ ਮਾਨ ਨੇ ਧੂਰੀ ਦੇ ਲੋਕਾਂ ਨੂੰ ਕਿਹਾ ਕਿ ਇਸ ਇਲਾਕੇ ਨੇ ਪੰਜਾਬ ਸਰਕਾਰ ਦਾ ਧੁਰਾ ਬਣਨਾ ਹੈ। ਪੰਜਾਬ ਦੀ ਸਰਕਾਰ ਧੂਰੀ ਦੇ ਲੋਕਾਂ ਦੁਆਲੇ ਘੁੰਮੇਗੀ। ਇਸ ਲਈ 20 ਫਰਵਰੀ ਦੀ ਤਰੀਕ ਨਵੀਂ ਕਿਸਮਤ ਲਿਖਣ ਦਾ ਮੌਕਾ ਹੈ। ਜਿਨਾਂ ਨੂੰ ਲੋਕਾਂ ਨੇ ਪਹਿਲਾਂ ਲਿਖ ਕੇ ਆਪਣੀ ਕਿਸਮਤ ਦਿੱਤੀ ਸੀ, ਉਨਾਂ ਨੇ ਆਪਣੇ ਮਹਿਲ ਉਸਾਰ ਲਏ। ਕਈ-ਕਈ ਪੁਸ਼ਤਾਂ ਲਈ ਜਾਇਦਾਦ ਇੱਕਠੀ ਕਰ ਲਈ, ਪਰ ਆਮ ਲੋਕ ਗਰੀਬ ਹੋ ਗਏ। ਮਾਨ ਨੇ ਕਿਹਾ ਕਿ ਪੰਜਾਬ ਦੀ ਹਾਲਤ ਇਹ ਹੈ ਕਿ ਜੇ ਘਰ ਵਿੱਚ ਚੁੱਲਾ ਹੈ ਤਾਂ ਅੱਗ ਨਹੀਂ, ਜੇ ਪਰਾਤ ਹੈ ਤਾਂ ਆਟਾ ਨਹੀਂ। ਸੋ ਵੀਰੋ ਚੁੱਲਿਆਂ ਵਿੱਚ ਅੱਗ ਬਾਲਣੀ ਹੈ ਅਤੇ ਸਿਵਿਆਂ ਦੀ ਅੱਗ ਠਾਰਨੀ ਹੈ।