ਚੰਡੀਗੜ੍ਹ: ਜਲੰਧਰ ਜ਼ਿਮਨੀ ਚੋਣ 2023 ਦਾ ਮੈਦਾਨ ਫਤਿਹ ਕਰਨ ਦੀਆਂ ਤਿਆਰੀਆਂ 'ਚ ਰੁੱਝੀ ਆਮ ਆਦਮੀ ਪਾਰਟੀ ਦਾ ਗਣਿਤ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਿਗਾੜ ਸਕਦੇ ਹਨ। ਅੱਜ ਸ਼ੁੱਕਰਵਾਰ ਤੋਂ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿਚ ਬਲਕੌਰ ਸਿੱਧੂ ਆਪਣੀ ਇਨਸਾਫ਼ ਯਾਤਰਾ ਕੱਢਕੇ ਲੋਕਾਂ ਕੋਲ ਫਰਿਆਦ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਨੂੰ ਵੋਟ ਨਾ ਕੀਤੀ ਜਾਵੇ। ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਇਨਸਾਫ਼ ਨਾ ਮਿਲਣ ਕਰਕੇ ਪੰਜਾਬ ਸਰਕਾਰ ਤੋਂ ਨਾਰਾਜ਼ ਚੱਲ ਬਲਕੌਰ ਸਿੱਧੂ ਦੀ ਨਾਰਾਜ਼ਗੀ ਦਾ ਸੇਕ ਜਲੰਧਰ ਜ਼ਿਮਨੀ ਚੋਣ ਤੱਕ ਵੀ ਪਹੁੰਚੇਗਾ। ਜਿੱਥੇ ਬਾਕੀ ਪਾਰਟੀਆਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਚੋਣ ਮੈਦਾਨ 'ਚ ਉੱਤਰ ਰਹੀ ਹੈ। ਉਥੇ ਹੀ ਹੁਣ 'ਆਪ' ਨੂੰ ਬਲਕੌਰ ਸਿੰਘ ਦਾ ਸਾਹਮਣਾ ਵੀ ਕਰਨਾ ਪਵੇਗਾ।
ਸੰਗਰੂਰ ਦਾ ਇਤਿਹਾਸ ਦੁਹਰਾਵੇਗਾ ਜਲੰਧਰ ?ਸਿੱਧੂ ਮੂਸੇਵਾਲਾ ਦੀ ਵਿਸ਼ਵ ਪੱਧਰ 'ਤੇ ਮਿਲੀਅਨਸ ਦੇ ਵਿਚ ਫੋਲੋਅਰਸ ਹਨ। ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੇ ਰਿਲੀਜ਼ ਹੋ ਰਹੇ ਗੀਤ 'ਬਿਲ ਬੋਰਡ' 'ਤੇ ਧੱਕ ਪਾ ਰਹੇ ਹਨ। ਮੂਸੇਵਾਲਾ ਦੇ ਦਮਲ ਦੀ ਪੰਜਾਬ ਹੀ ਨਹੀਂ, ਸਗੋਂ ਪੂਰੀ ਦੁਨੀਆਂ ਵਿੱਚ ਚਰਚਾ ਹੋਈ ਸੀ। ਸਰਕਾਰ ਖਿਲਾਫ਼ ਲੋਕਾਂ ਸਿੱਧੂ ਮੂਸੇਵਾਲਾ ਦਾ ਪਰਿਵਾਰ ਇਸ ਲਈ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹੈ, ਕਿਉਂਕਿ ਕਤਲ ਤੋਂ 2 ਦਿਨ ਪਹਿਲਾਂ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੀ ਗਈ ਅਤੇ ਉਸ ਖ਼ਬਰ ਨੂੰ ਲੀਕ ਕੀਤਾ ਗਿਆ। ਜਿਸਨੂੰ ਮੂਸੇਵਾਲਾ ਕਤਲ ਦੀ ਸਭ ਤੋਂ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ।
ਦੱਸ ਦਈਏ ਕਿ ਕਤਲ ਦੇ 1 ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਕਤਲ ਦੇ ਮਾਸਟਰਮਾਈਂਡ ਨੂੰ ਸਲਾਖਾਂ ਪਿੱਛੇ ਨਹੀਂ ਡੱਕ ਸਕੀ। ਆਪਣੇ ਜਵਾਨ ਪੁੱਤ ਦੀ ਮੌਤ ਦਾ ਮਾਤਮ ਮਨਾ ਰਿਹਾ ਪਿਤਾ ਹੁਣ ਸਰਕਾਰ ਨੂੰ ਹਰ ਮੋੜ, ਹਰ ਗਲੀ ਅਤੇ ਹਰ ਚੁਰਾਹੇ ਘੇਰ ਕੇ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਆਖਿਰਕਾਰ ਇਨਸਾਫ਼ ਕਿੱਥੇ ਹੈ ? ਜਲੰਧਰ ਜ਼ਿਮਨੀ ਚੋਣ ਦੀਆਂ ਤਿਆਰੀਆਂ ਵਿੱਚ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਆਪ ਸਰਕਾਰ ਦਾ ਟਾਕਰਾ ਹੁਣ ਬਲਕੌਰ ਸਿੰਘ ਨਾਲ ਹੋਵੇਗਾ, ਜੋ ਕਿ ਆਮ ਆਦਮੀ ਪਾਰਟੀ ਦੇ ਰਾਹ ਵਿੱਚ ਰੋੜੇ ਅਟਕਾ ਸਕਦਾ ਹੈ।
ਵਿਰੋਧੀ ਧਿਰਾਂ ਨੂੰ ਹੋ ਸਕਦਾ ਹੈ ਫਾਇਦਾ:ਆਮ ਆਦਮੀ ਪਾਰਟੀ ਖਿਲਾਫ਼ ਬਲਕੌਰ ਸਿੱਧੂ ਦਾ ਰੋਸ ਉਸ ਵੇਲੇ ਪਾਰਟੀ ਲਈ ਚੁਣੌਤੀ ਬਣ ਰਿਹਾ, ਜਦੋਂ ਚੋਣਾਂ ਵਿੱਚ ਮਹਿਜ਼ 4 ਦਿਨ ਦਾ ਸਮਾਂ ਰਹਿੰਦਾ ਹੈ ਅਤੇ ਇਹਨਾਂ ਆਖਰੀ ਦਿਨਾਂ ਵਿੱਚ ਇਕ ਇਕ ਪਲ ਸਾਰੀਆਂ ਪਾਰਟੀਆਂ ਲਈ ਕੀਮਤੀ ਹੈ ਕਿਉਂਕਿ ਆਖਰੀ ਦਿਨ ਲੋਕਾਂ ਵਿਚ ਆਪਣਾ ਪ੍ਰਭਾਵ ਛੱਡਣ ਲਈ ਕਾਫ਼ੀ ਮਹੱਤਵਪੂਰਨ ਹੁੰਦੇ ਹਨ। ਇਹਨਾਂ ਦਿਨਾਂ ਵਿੱਚ ਹੀ ਬਲਕੌਰ ਸਿੱਧੂ ਸਰਕਾਰ ਦੇ ਖਿਲਾਫ਼ ਆਪਣਾ ਰੋਹ ਲੋਕਾਂ ਸਾਹਮਣੇ ਦਰਜ ਕਰਵਾਉਣਗੇ। ਜ਼ਾਹਿਰ ਹੈ ਕਿ ਇਸ ਨਾਲ ਸਰਕਾਰ ਦੀ ਛਵੀ ਨੂੰ ਕੁੱਝ ਨਾ ਕੁੱਝ ਠੇਸ ਤਾਂ ਵੱਜੇਗੀ। ਇਸ ਦੇ ਨਾਲ ਹੀ ਦੂਜੀਆਂ ਧਿਰਾਂ ਨੂੰ ਵੀ ਇਸਦਾ ਫਾਇਦਾ ਮਿਲੇਗਾ। ਜੋ ਵੋਟ 'ਆਪ' ਨੂੰ ਜਾਣੀ ਹੈ ? ਓਹੀ ਵੋਟ ਦੂਜੀਆਂ ਪਾਰਟੀਆਂ ਵੱਲ ਜਾਵੇਗੀ ਅਤੇ ਉਹਨਾਂ ਦੀ ਵੋਟ ਪ੍ਰਤੀਸ਼ਤਤਾ ਵਿੱਚ ਫ਼ਰਕ ਨਜ਼ਰ ਆਵੇਗਾ।