ਸੰਗਰੂਰ :ਜ਼ਿਲ੍ਹੇ ਦੀ ਜੇਲ੍ਹ 'ਚ ਵੱਡੀ ਘਟਨਾ ਵਾਪਰੀ ਹੈ। ਇੱਥੇ ਜੇਲ੍ਹ ਦੇ ਵਾਰਡਨ ਲਕਸ਼ਮਣ ਸਿੰਘ 'ਤੇ ਤਿੰਨ ਕੈਦੀਆਂ ਵੱਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ 23 ਫਰਵਰੀ ਨੂੰ ਜਦੋਂ ਇਹ ਘਟਨਾ ਵਾਪਰੀ, ਤਾਂ ਜੇਲ੍ਹ ਵਾਰਡਨ ਲਕਸ਼ਮਣ ਸਿੰਘ ਜੇਲ੍ਹ ਦੇ ਵਾਰਡ ਨੰਬਰ 6 ਤੇ 7 ਦੀ ਹਵਾਲਾਤ 'ਚ ਲੰਗਰ ਦੀ ਡਿਊਟੀ 'ਤੇ ਸੀ।
HIV ਪੌਜ਼ੀਟਿਵ ਕੈਦੀ ਨੇ ਆਪਣੇ ਕੱਟ ਲਾਉਣ ਤੋਂ ਬਾਅਦ ਵਾਰਡਨ ਨੂੰ ਜਖ਼ਮੀ ਕੀਤਾ :ਬੀਤੀ 23 ਫ਼ਰਵਰੀ ਦੀ ਸ਼ਾਮ 6:15 ਵਜੇ ਜੇਲ੍ਹ ਵਾਰਡਨ ਲਕਸ਼ਮਣ ਸਿੰਘ 'ਤੇ ਤਿੰਨ ਕੈਦੀਆਂ ਨੇ ਹਮਲਾ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਇੱਕ ਐਚਆਈਵੀ ਪੌਜ਼ੀਟਿਵ ਕੈਦੀ ਨੇ ਇੱਕ ਤਿੱਖੇ ਚਮਚੇ ਨਾਲ ਪਹਿਲਾਂ ਆਪਣੇ ਆਪ ਨੂੰ ਕੱਟ ਲਾ ਕੇ ਜੇਲ੍ਹ ਵਾਰਡਨ ਉੱਤੇ ਹਮਲਾ ਕੀਤਾ। ਜੇਲ੍ਹ ਵਾਰਡਨ ਅਨੁਸਾਰ ਉਹ ਚਾਹੁੰਦਾ ਸੀ ਕਿ ਉਹ ਵੀ ਐਚਆਈਵੀ ਪੌਜ਼ੀਟਿਵ ਹੋ ਜਾਵੇ।
ਲੰਗਰ ਵਿੱਚ ਡਿਊਟੀ 'ਤੇ ਸੀ ਵਾਰਡਨ :ਸੰਗਰੂਰ ਦੇ ਡੀਐਸਪੀ ਅਜੈਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਲਿਖਵਾਈ ਐਫਆਈਆਰ ਵਿੱਚ ਜੇਲ੍ਹ ਦੇ ਵਾਰਡਨ ਲਕਸ਼ਮਣ ਸਿੰਘ ਨੇ ਦੱਸਿਆ ਕਿ ਮੇਰੇ 'ਤੇ ਜਾਨਲੇਵਾ ਹਮਲਾ ਹੋਇਆ ਹੈ। ਮੇਰੀ ਗਰਦਨ 'ਤੇ ਕੋਈ ਭਾਰੀ ਚੀਜ਼ ਸੁੱਟੀ ਗਈ ਜਿਸ ਤੋਂ ਬਾਅਦ ਮੈਂ ਹੇਠਾਂ ਡਿੱਗ ਗਿਆ। ਉਸ ਦੀ ਡਿਊਟੀ ਵਾਰਡ ਨੰਬਰ 6 ਤੇ 7 ਦੀ ਹਵਾਲਾਤ ਤੇ ਲੰਗਰ 'ਚ ਸੀ। ਸ਼ਾਮ 6 ਵਜੇ ਕੈਦੀਆਂ ਨੂੰ ਬੰਦ ਕਰਨ ਲਈ ਵਾਰਡ ਨੰਬਰ 7 'ਚ ਗਿਆ, ਤਾਂ ਉਸ ਸਮੇਂ ਮੇਰੇ 'ਤੇ ਹਮਲਾ ਕੀਤਾ ਗਿਆ।